ਅਮਰੀਕਾ : ਵਿਸ਼ਵ ਊਰਜਾ ਬਾਜ਼ਾਰ ਵਿੱਚ ਉਥਲ-ਪੁਥਲ ਦੇ ਵਿਚਕਾਰ ਭਾਰਤ ਲਈ ਇੱਕ ਚੰਗੀ ਖ਼ਬਰ ਹੈ। ਅਮਰੀਕਾ ਨੇ ਰੂਸੀ ਤੇਲ ਅਤੇ ਪੈਟਰੋਲੀਅਮ ਉਤਪਾਦਾਂ ‘ਤੇ ਲੱਗੀਆਂ ਪਾਬੰਦੀਆਂ ਵਿੱਚ ਦਿੱਤੀ ਗਈ ਛੋਟ ਨੂੰ ਇੱਕ ਮਹੀਨੇ ਹੋਰ ਵਧਾ ਦਿੱਤਾ ਹੈ। ਯੂ.ਐੱਸ. ਟ੍ਰੇਜ਼ਰੀ ਵਿਭਾਗ ਰਾਹੀਂ ਨਵਾਂ ਲਾਇਸੈਂਸ ਜਾਰੀ ਕਰ ਦਿੱਤਾ ਹੈ। ਇਸ ਦੇ ਤਹਿਤ ਦੇਸ਼ ਹੁਣ 16 ਮਈ 2026 ਤੱਕ ਸਮੁੰਦਰ ਵਿੱਚ ਲੋਡ ਕੀਤੇ ਗਏ ਰੂਸੀ ਤੇਲ ਨੂੰ ਖਰੀਦ ਸਕਦੇ ਹਨ। ਇਹ ਛੋਟ ਪਹਿਲਾਂ 11 ਅਪ੍ਰੈਲ ਨੂੰ ਖਤਮ ਹੋ ਗਈ ਸੀ।

ਇਸ ਫੈਸਲੇ ਦਾ ਉਦੇਸ਼ ਵਧਦੀਆਂ ਵਿਸ਼ਵਵਿਆਪੀ ਊਰਜਾ ਕੀਮਤਾਂ ਨੂੰ ਕੰਟਰੋਲ ਕਰਨਾ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਸਮੇਤ ਕੁਝ ਦੇਸ਼ਾਂ ਨੂੰ 5 ਮਾਰਚ ਤੋਂ ਰੂਸੀ ਤੇਲ ਖਰੀਦਣ ਤੋਂ ਅਸਥਾਈ ਰਾਹਤ ਦਿੱਤੀ ਸੀ। ਇਹ ਛੋਟ ਬਾਅਦ ਵਿੱਚ ਦੂਜੇ ਦੇਸ਼ਾਂ ਵਿੱਚ ਵੀ ਵਧਾ ਦਿੱਤੀ ਗਈ ਸੀ ਅਤੇ 11 ਅਪ੍ਰੈਲ ਨੂੰ ਖਤਮ ਹੋ ਗਈ ਸੀ।

ਇਸ ਫੈਸਲੇ ਨਾਲ ਭਾਰਤ ਲਈ ਰੂਸ ਤੋਂ ਕੱਚਾ ਤੇਲ ਖਰੀਦਣਾ ਆਸਾਨ ਹੋ ਜਾਵੇਗਾ। ਭਾਰਤ ਪਹਿਲਾਂ ਹੀ ਰੂਸ ਤੋਂ ਵੱਡੇ ਪੱਧਰ ‘ਤੇ ਤੇਲ ਆਯਾਤ ਕਰਦਾ ਹੈ। ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਭਰੋਸਾ ਦਿੱਤਾ ਹੈ ਕਿ ਰੂਸ ਭਾਰਤ ਨੂੰ ਕੱਚੇ ਤੇਲ, ਐਲਪੀਜੀ ਅਤੇ ਐਲਐਨਜੀ ਦੀ ਸਪਲਾਈ ਹੋਰ ਵਧਾਏਗਾ। ਉਨ੍ਹਾਂ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਦੱਸਿਆ। ਇੱਕ ਯੂਰਪੀਅਨ ਥਿੰਕ ਟੈਂਕ ਦੇ ਅੰਕੜਿਆਂ ਅਨੁਸਾਰ ਮਾਰਚ ਵਿੱਚ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਨੇ ਮਾਰਚ ਵਿੱਚ ਰੂਸ ਤੋਂ $5.8 ਬਿਲੀਅਨ ਦਾ ਕੱਚਾ ਤੇਲ ਖਰੀਦਿਆ, ਜੋ ਫਰਵਰੀ ਵਿੱਚ $1.54 ਬਿਲੀਅਨ ਤੋਂ ਤਿੰਨ ਗੁਣਾ ਵੱਧ ਹੈ।