ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੱਜ ਉਸ ਵੇਲੇ ਸੈਂਕੜੇ ਮਾਪਿਆਂ ਨੇ ਦੁਆਵਾਂ ਦਿੱਤੀਆਂ ਜਦੋਂ ਉਸਨੇ ਟੋਕੀਓ ਓਲੰਪਿਕ ਖੇਡਾਂ 2020 ਵਿੱਚ ਵੱਡਾ ਨਾਮਣਾ ਖੱਟਣ ਵਾਲੇ ਖਾਸ ਕਰਕੇ ਹਾਕੀ ਦੇ 9 ਓਲੰਪੀਅਨ ਖਿਡਾਰੀਆਂ ਨੂੰ ਉੱਚੀਆਂ ਪਦਵੀਆਂ ਦੇ ਕੇ ਨਿਵਾਜਿਆ ਜੋ ਕਿ ਇਹ ਮੰਗ ਲੰਬੇ ਅਰਸੇ ਤੋਂ ਪਹਿਲੀਆਂ ਸਰਕਾਰਾਂ ਨੇ ਪੂਰੀ ਨਹੀਂ ਕੀਤੀ ਸੀ, ਪਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ 4 ਖਿਡਾਰੀਆਂ ਨੂੰ ਪੀਸੀਐਸ ਰੈਂਕ ਅਤੇ 7 ਖਿਡਾਰੀਆਂ ਨੂੰ ਡੀਐਸਪੀ ਦਾ ਰੈਂਕ ਦੇ ਕੇ ਜਿੱਥੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਮਾਣ ਵਧਾਇਆ ਉਥੇ ਉਹਨਾਂ ਦਾ ਇਹ ਵਡਮੁੱਲਾ ਕਦਮ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗਾ। ਟੋਕੀਉ ਓਲੰਪਿਕ ਖੇਡਾਂ ਵਿੱਚ ਜਿਸ ਵਿੱਚ ਪੰਜਾਬ ਦੇ 11 ਖਿਡਾਰੀ ਖੇਡੇ ਸਨ ਅਤੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ । ਉਹਨਾਂ ਜੇਤੂ ਖਿਡਾਰੀਆਂ ਵਿੱਚੋਂ ਫੁੱਲਬੇਕ ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ ,ਸਵਰਨਜੀਤ ਸਿੰਘ ਨੂੰ ਪੀਸੀਐਸ ਰੈਂਕ ਦੇ ਕੇ ਨਿਵਾਜਿਆ ਜਦਕਿ ਭਾਰਤੀ ਟੀਮ ਦੇ ਕਪਤਾਨ ਹਰਮਨਜੀਤ ਸਿੰਘ ,ਮਨਦੀਪ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਬੁਤਾਲਾ ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨ ਪ੍ਰੀਤ ਕੌਰ , ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜੇਤੂ ਅਥਲੀਟ ਓਲੰਪੀਅਨ ਤਜਿੰਦਰ ਪਾਲ ਸਿੰਘ ਤੂਰ ਡੀਐਸਪੀ ਰੈਂਕ ਦੀ ਨੌਕਰੀ ਦਿੱਤੀ ਗਈ ਹੈ।
ਖਿਡਾਰੀਆਂ ਨੂੰ ਨੌਕਰੀ ਦੇਣ ਦੀ ਪਹਿਲ ਕਦਮੀ ਦਾ ਪੰਜਾਬ ਸਰਕਾਰ ਦਾ ਹਰ ਪਾਸਿਓਂ ਭਰਵਾ ਸਵਾਗਤ ਹੋ ਰਿਹਾ ਹੈ। ਪਰ ਖੇਡਾਂ ਦੇ ਖੇਤਰ ਵਿੱਚ ਅਜੇ ਵੀ ਹੋਰ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਨੂੰ ਖਿਡਾਰੀਆਂ ਦੇ ਹਿੱਤ ਵਿੱਚ ਸਾਰਥਕ ਅਤੇ ਠੋਸ ਖੇਡ ਨੀਤੀ ਬਣਾਉਣੀ ਚਾਹੀਦੀ ਹੈ ।ਜਿਸ ਵਿੱਚ ਗਰਾਸ ਰੂਟ ਪੱਧਰ ਤੇ ਵੱਡੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਵਾਸਤੇ ਇੱਕ ਵੱਖਰੀ ਖੇਡ ਨੀਤੀ ਬਣਾਉਣੀ ਚਾਹੀਦੀ ਹੈ ਖੇਡਾਂ ਦੇ ਹਰ ਖੇਤਰ ਵਿੱਚ ਜੇਤੂ ਖਿਡਾਰੀ ਨੂੰ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੱਕ ਮਿਲਣਾ ਚਾਹੀਦਾ ਹੈ ਜੇਕਰ ਪੰਜਾਬ ਸਰਕਾਰ ਖਿਡਾਰੀਆਂ ਦੇ ਹਿੱਤ ਵਿੱਚ ਇਹ ਸਾਰੇ ਕੰਮ ਕਰ ਦਿੰਦੀ ਹੈ ਤਾਂ ਪੰਜਾਬ ਵਾਕਿਆ ਹੀ ਖੇਡਾਂ ਦੇ ਵਿੱਚ ਜਲਦੀ ਰੰਗਲਾ ਪੰਜਾਬ ਬਣ ਜਾਵੇਗਾ । ਰੱਬ ਰਾਖਾ।
ਜਗਰੂਪ ਸਿੰਘ ਜਰਖੜ
ਖੇਡ ਲੇਖਕ
9814300722