ਸੈਂਕੜੇ ਲੋਕਾਂ ਨੇ ਪੁੱਜ ਕੇ ਦਿਤੀ ਸ਼ਰਧਾਂਜਲੀ
ਔਟਵਾ  : ਕੈਨੇਡੀਅਨ ਇਤਿਹਾਸ ਦੀਆਂ ਸਭ ਤੋਂ ਮੰਦਭਾਗੀਆਂ ਘਟਨਾਵਾਂ ਵਿਚੋਂ ਇਕ ਔਟਵਾ ਕਤਲਕਾਂਡ ਦੌਰਾਨ ਜਾਨ ਗਵਾਉਣ ਵਾਲੇ ਛੇ ਜਣਿਆਂ ਦੀਆਂ ਅੰਤਮ ਰਸਮਾਂ ਵਿਚ ਸੈਂਕੜੇ ਲੋਕ ਇਕੱਤਰ ਹੋਏ। ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਗਈ।
ਸ੍ਰੀਲੰਕਨ ਪਰਵਾਰ ਬੁੱਧ ਧਰਮ ਨੂੰ ਮੰਨਦਾ ਸੀ ਅਤੇ ਅੰਤਮ ਰਸਮਾਂ ਮੌਕੇ ਵੀ ਮਨੁੱਖ ਨੂੰ ਗੁੱਸੇ ਦੀ ਬਜਾਏ ਇਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਦਿਤੀ ਗਈ। ਇਥੇ ਦਸਣਾ ਬਣਦਾ ਹੈ ਕਿ 35 ਸਾਲ ਦੀ ਦਰਸ਼ਨੀ ਏਕਾਨਾਇਕੇ ਅਤੇ ਉਸ ਦੇ ਚਾਰ ਬੱਚਿਆਂ ਨੂੰ ਇਕ ਕੌਮਾਂਤਰੀ ਵਿਦਿਆਰਥੀ ਨੇ ਬੇਰਹਿਮੀ ਨਾਲ ਕਤਲ ਕਰ ਦਿਤਾ। ਬੱਚਿਆਂ ਦੀ ਉਮਰ ਦੋ ਮਹੀਨੇ ਤੋਂ ਸੱਤ ਸਾਲ ਦਰਮਿਆਨ ਸੀ। ਬੱਚਿਆਂ ਦਾ ਪਿਤਾ ਜ਼ਖਮੀ ਤਾਂ ਹੋਇਆ ਪਰ ਉਸ ਦੀ ਜਾਨ ਬਚ ਗਈ ਪਰ ਪਰਵਾਰ ਦੇ ਇਕ ਦੋਸਤ ਨੂੰ ਜਾਨ ਗਵਾਉਣੀ ਪਈ। ਧਨੁਸ਼ਕਾ ਵਿਕਰਮਸਿੰਘੇ ਆਪਣੇ ਪਰਵਾਰ ਦੀਆਂ ਅੰਤਮ ਰਸਮਾਂ ਦੌਰਾਨ ਪ੍ਰਾਈਵੇਸੀ ਚਾਹੁੰਦਾ ਸੀ ਪਰ ਲੋਕ ਆਪ ਮੁਹਾਰੇ ਆਉਂਦੇ ਗਏ ਅਤੇ ਵੱਡਾ ਇਕੱਠ ਹੋ ਗਿਆ।
ਬੁਲਾਰਿਆਂ ਨੇ ਕਿਹਾ ਕਿ ਕੋਈ ਵੀ ਇਨਸਾਨ ਸੁਨਹਿਰੀ ਭਵਿੱਖ ਦੀ ਭਾਲ ਵਿਚ ਕੈਨੇਡਾ ਆਉਂਦਾ ਹੈ ਪਰ ਅਜਿਹੀਆਂ ਵਾਰਦਾਤਾਂ ਸਭ ਕੁਝ ਬਰਬਾਦ ਕਰ ਦਿੰਦੀਆਂ ਹਨ। ਬੁੱਧ ਧਰਮ ਤੋਂ ਇਲਾਵਾ ਈਸਾਈ ਰਿਵਾਵਾਂ ਅਤੇ ਇਸਲਾਮਿਕ ਰਮਸਾਂ ਮੁਤਾਬਕ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਚੇਤੇ ਰਹੇ ਕਿ 19 ਸਾਲ ਦੇ ਕੌਮਾਂਤਰੀ ਵਿਦਿਆਰਥੀ ਫੈਬਰੀਓ ਡੀ ਜ਼ੋਇਸਾ ਨੇ ਕਤਲਕਾਂਡ ਨੂੰ ਅੰਜਾਮ ਦਿਤਾ ਜੋ ਪਿਛਲੇ ਕਾਫੀ ਸਮੇਂ ਤੋਂ ਪਰਵਾਰ ਨਾਲ ਹੀ ਰਹਿ ਰਿਹਾ ਸੀ।