ਫਰਾਂਸ ਵਿੱਚ ਰੁਕੀ ਹੋਈ ਫਲਾਈਟ ਨੇ ਸੋਮਵਾਰ (25 ਦਸੰਬਰ) ਨੂੰ ਮੁੰਬਈ ਲਈ ਉਡਾਣ ਭਰੀ। ਮੁੰਬਈ ਜਾਣ ਵਾਲੀ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ ਪੈਰਿਸ ਨੇੜੇ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਰੋਕ ਦਿੱਤਾ ਗਿਆ ਸੀ। ਇਸ ਜਹਾਜ਼ ‘ਚ 303 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਜ਼ਿਆਦਾਤਰ ਭਾਰਤੀ ਸਨ। ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਫਰਾਂਸ ਦਾ ਧੰਨਵਾਦ ਕੀਤਾ ਹੈ। ਫਰਾਂਸ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, ”ਸਥਿਤੀ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਲਈ ਫਰਾਂਸ ਸਰਕਾਰ ਅਤੇ ਵੈਟਰੀ ਏਅਰਪੋਰਟ ਦਾ ਧੰਨਵਾਦ।” ਦੂਤਾਵਾਸ ਨੇ ਅੱਗੇ ਕਿਹਾ ਕਿ ਅਸੀਂ ਸੁਰੱਖਿਅਤ ਵਾਪਸੀ ਲਈ ਸਾਈਟ ‘ਤੇ ਮੌਜੂਦ ਰਹੇ। ਰੋਮਾਨੀਅਨ ਏਅਰਲਾਈਨ ਲੀਜੈਂਡ ਏਅਰਲਾਈਨਜ਼ ਦੀ ਵਕੀਲ ਲਿਲੀਆਨਾ ਬਕਾਯੋਕੋ ਨੇ ਕਿਹਾ ਕਿ ਜਹਾਜ਼ ਨੂੰ ਲੀਜ਼ ‘ਤੇ ਲੈਣ ਵਾਲੀ ਇਕ ਭਾਈਵਾਲ ਕੰਪਨੀ ਹਰੇਕ ਯਾਤਰੀ ਦੇ ਪਛਾਣ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਲਈ ਜ਼ਿੰਮੇਵਾਰ ਸੀ, ਅਤੇ ਉਡਾਣ ਤੋਂ 48 ਘੰਟੇ ਪਹਿਲਾਂ ਯਾਤਰੀਆਂ ਦੇ ਪਾਸਪੋਰਟ ਦੀ ਜਾਣਕਾਰੀ ਏਅਰਲਾਈਨ ਨੂੰ ਭੇਜਦੀ ਸੀ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਵਿੱਚ ਮਨੁੱਖੀ ਤਸਕਰੀ ਲਈ 20 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ।
ਫਰਾਂਸੀਸੀ ਅਧਿਕਾਰੀਆਂ ਨੇ ਰੋਮਾਨੀਆ ਦੀ ਕੰਪਨੀ ‘ਲੀਜੈਂਡ ਏਅਰਲਾਈਨਜ਼’ ਦੁਆਰਾ ਸੰਚਾਲਿਤ ਏ340 ਜਹਾਜ਼ ਨੂੰ ਐਤਵਾਰ (24 ਦਸੰਬਰ) ਨੂੰ ਆਪਣੀ ਯਾਤਰਾ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ। ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ 303 ਯਾਤਰੀਆਂ ਨਾਲ ਨਿਕਾਰਾਗੁਆ ਜਾ ਰਹੀ ਇੱਕ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿੱਚ ਵਿਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ।