ਦੱਖਣੀ-ਪੂਰਬੀ ਤੁਰਕੀਏ ਦੇ ਇੱਕ ਹਾਈ ਸਕੂਲ ਵਿੱਚ ਇੱਕ ਸਾਬਕਾ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ‘ਚ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ ਹਨ। ਸਕੂਲ ‘ਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਬਕਾ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।ਇਕ ਚਸ਼ਮਦੀਦ ਨੇ ਦੱਸਿਆ ਕਿ ਸ਼ੱਕੀ ਲੰਬੇ ਬੈਰਲ ਵਾਲਾ ਹਥਿਆਰ ਲੈ ਕੇ ਹਾਈ ਸਕੂਲ ਕੰਪਾਊਂਡ ਵਿਚ ਦਾਖਲ ਹੋਇਆ ਅਤੇ ਫਿਰ ਅੰਨ੍ਹੇਵਾਹ ਗੋਲੀਬਾਰੀ ਕੀਤੀ।
ਹਮਲਾਵਰ ਵਿਦਿਆਰਥੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਕੋਲ ਗੋਲੀ ਵੀ ਸੀ। ਉਸਨੇ ਸੈਨਲੀਉਰਫਾ ਸੂਬੇ ਦੇ ਸਿਵੇਰੇਕ ਵਿੱਚ ਸਥਿਤ ਇੱਕ ਵੋਕੇਸ਼ਨਲ ਹਾਈ ਸਕੂਲ ਵਿੱਚ ਗੋਲੀਬਾਰੀ ਕੀਤੀ ਅਤੇ ਫਿਰ ਇਮਾਰਤ ਦੇ ਅੰਦਰ ਲੁਕ ਗਿਆ। ਗਵਰਨਰ ਹਸਨ ਸਿਲਡਕ ਨੇ ਕਿਹਾ ਕਿ ਬਾਅਦ ਵਿੱਚ ਉਸਨੇ ਉਸੇ ਸ਼ਾਟਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਸਿਲਡਕ ਨੇ ਦੱਸਿਆ ਕਿ ਹਮਲੇ ‘ਚ 10 ਵਿਦਿਆਰਥੀ, 4 ਅਧਿਆਪਕ, ਇਕ ਕੰਟੀਨ ਮੁਲਾਜ਼ਮ ਅਤੇ ਇਕ ਪੁਲਿਸ ਅਧਿਕਾਰੀ ਜ਼ਖਮੀ ਹੋਏ ਹਨ। ਗਵਰਨਰ ਨੇ ਕਿਹਾ ਕਿ ਜ਼ਿਆਦਾਤਰ ਜ਼ਖਮੀਆਂ ਦਾ ਇਲਾਜ ਸਿਵੇਰੇਕ ‘ਚ ਹੀ ਚੱਲ ਰਿਹਾ ਹੈ, ਪਰ ਜ਼ਖਮੀ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚੋਂ 5 ਨੂੰ ਸੂਬਾਈ ਰਾਜਧਾਨੀ ਦੇ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।
ਰਿਪੋਰਟ ਅਨੁਸਾਰ ਜ਼ਖਮੀਆਂ ‘ਚੋਂ ਇਕ ਅਧਿਆਪਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਮਲੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ ਹੈ। ਤੁਰਕੀਏ ਵਿੱਚ ਸਕੂਲੀ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ। ਜਦੋਂ ਹਮਲਾਵਰ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਪੁਲਿਸ ਦੀਆਂ ਵਿਸ਼ੇਸ਼ ਆਪ੍ਰੇਸ਼ਨ ਯੂਨਿਟਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਸਕੂਲ ਦੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਮਲੇ ਦੌਰਾਨ ਦਰਜਨਾਂ ਵਿਦਿਆਰਥੀਆਂ ਨੂੰ ਸਕੂਲ ਤੋਂ ਗੇਟ ਵੱਲ ਅਤੇ ਫਿਰ ਸੜਕ ਵੱਲ ਭੱਜਦੇ ਦੇਖਿਆ ਗਿਆ।














