ਪੰਜਾਬ ਦੀ ਪੁਲਿਸਿੰਗ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਇੱਕ ਹੋਰ ਸਾਬਕਾ ਪੁਲਿਸ ਅਧਿਕਾਰੀ ਨੇ ਹੁਣ ਸਿਆਸਤ ਦੇ ਮੈਦਾਨ ਵਿੱਚ ਐਂਟਰੀ ਕਰ ਲਈ ਹੈ। ਜੀ ਹਾਂ! ਗੱਲ ਹੋ ਰਹੀ ਹੈ ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਦੀ, ਜਿਨ੍ਹਾਂ ਨੇ ਪੁਲਿਸ ਦੀ ਵਰਦੀ ਤੋਂ ਬਾਅਦ ਹੁਣ ਸਿਆਸੀ ਪਾਰੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਸਾਬਕਾ DGP ਸਿਧਾਰਥ ਚਟੋਪਾਧਿਆਏ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਭਾਰਤੀ ਰਾਸ਼ਟਰਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਤਰ੍ਹਾਂ ਪੁਲਿਸ ਸੇਵਾ ਤੋਂ ਬਾਅਦ ਹੁਣ ਉਨ੍ਹਾਂ ਨੇ ਸਿਆਸਤ ਵਿੱਚ ਆਪਣਾ ਨਵਾਂ ਸਫ਼ਰ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਸਿਧਾਰਥ ਚਟੋਪਾਧਿਆਏ ਪੰਜਾਬ ਪੁਲਿਸ ਵਿੱਚ ਕਈ ਅਹਿਮ ਅਹੁਦਿਆਂ ‘ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਪੰਜਾਬ ਦੇ ਪੁਲਿਸ ਮੁਖੀ ਯਾਨੀ ਡਾਇਰੈਕਟਰ ਜਨਰਲ ਆਫ਼ ਪੁਲਿਸ ਵੀ ਰਹਿ ਚੁੱਕੇ ਹਨ। ਪੁਲਿਸ ਸੇਵਾ ਦੌਰਾਨ ਉਹ ਖ਼ਾਸ ਤੌਰ ‘ਤੇ ਨਸ਼ਾ ਤਸਕਰੀ ਖ਼ਿਲਾਫ਼ ਆਪਣੇ ਸਖ਼ਤ ਰੁਖ਼ ਕਾਰਨ ਚਰਚਾ ਵਿੱਚ ਰਹੇ ਹਨ। ਹੁਣ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਤੋਂ ਬਾਅਦ ਸਵਾਲ ਇਹ ਹੈ ਕਿ ਉਹ ਭਾਰਤੀ ਰਾਸ਼ਟਰਵਾਦੀ ਪਾਰਟੀ ਵਿੱਚ ਕਿਹੜੀ ਭੂਮਿਕਾ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦੀ ਕੀ ਸਰਗਰਮੀ ਰਹੇਗੀ।ਫਿਲਹਾਲ ਸਾਬਕਾ DGP ਦੀ ਇਸ ਸਿਆਸੀ ਐਂਟਰੀ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।














