ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੀ ਮੁੱਖ ਵਿਰੋਧੀ ਕੰਜਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਲ ਹੁਣ ਅਲਬਰਟਾ ਦੇ ਹਲਕਾ ਬੈਟਲ ਰਿਵਰ ਕਰਾਅਫੁੱਟ ਤੋਂ ਹਾਊਸ ਆਫ ਕਾਮਨਜ ਵਿਚ ਨੁਮਾਇੰਦਗੀ ਕਰਨਗੇ। ਅੱਜ ਹੋਈ ਉਪ ਚੋਣ ਵਿਚ ਭਾਵੇਂਕਿ ਇਲੈਕਸ਼ਨ ਕੈਨੇਡਾ ਨੇ ਅਜੇ ਫਾਈਨਲ ਨਤੀਜੇ ਐਲਾਨ ਨਹੀ ਕੀਤੇ ਪਰ ਹੁਣ ਤੱਕ ਵੋਟਾਂ ਦੀ ਗਿਣਤੀ ਮੁਤਾਬਿਕ ਉਹਨਾਂ ਨੇ 80 ਪ੍ਰਤੀਸ਼ਤ ਤੋਂ ਉਪਰ ਵੋਟ ਹਾਸਲ ਕਰ ਲਏ ਹਨ ਜਦੋਂਕਿ ਉਹਨਾਂ ਦੇ ਨਜ਼ਦੀਕੀ ਵਿਰੋਧੀ 10 ਪ੍ਰਤੀਸ਼ਤ ਤੋ ਵੀ ਘੱਟ ਵੋਟ ਪ੍ਰਾਪਤ ਕਰ ਸਕੇ ਹਨ। ਭਾਵੇਂਕਿ ਅਜੇ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਇਸੇ ਦੌਰਾਨ ਆਪਣੀ ਜਿੱਤ ਦਾ ਐਲਾਨ ਕਰਦੇ ਹੋਏ, ਪੋਲੀਅਰ ਨੇ ਸਾਬਕਾ ਸੰਸਦ ਮੈਂਬਰ ਡੈਮੀਅਨ ਕੁਰੇਕ ਦਾ ਧੰਨਵਾਦ ਕੀਤਾ ਹੈ ਜਿਸਨੇ ਆਮ ਚੋਣਾਂ ਵਿੱਚ 83 ਪ੍ਰਤੀਸ਼ਤ ਵੋਟਾਂ ਨਾਲ ਰਾਈਡਿੰਗ ਜਿੱਤੀ ਸੀ ਪਰ ਇਥੋਂ ਅਸਤੀਫਾ ਦੇਕੇ ਪਾਰਟੀ ਆਗੂ ਲਈ ਹਾਊਸ ਆਫ ਕਾਮਨਜ ਲਈ ਰਾਹ ਸਾਫ ਕੀਤਾ। ਜ਼ਿਕਰਯੋਗ ਹੈ ਕਿ ਪੀਅਰ ਪੋਲੀਅਰ ਅਪ੍ਰੈਲ ਵਿੱਚ ਆਪਣੀ ਓਟਵਾ-ਖੇਤਰ ਦੀ ਸੀਟ ਹਾਰ ਗਏ ਸਨ ਜਿਸ ‘ਤੇ ਉਹ ਪਿਛਲੇ 20 ਸਾਲਾਂ ਤੋਂ ਜਿਤਦੇ ਆ ਰਹੇ ਸਨ।
ਉਪ ਚੋਣ ਲਈ ਵੋਟਾਂ ਦੀ ਗਿਣਤੀ ਦੌਰਾਨ ਪੋਲੀਅਰ ਨੇ ਕਿਹਾ ਕਿ “ਇਸ ਪਤਝੜ ਵਿੱਚ, ਜਿਵੇਂ ਹੀ ਹਾਊਸ ਆਫ ਕਾਮਨਜ ਦਾ ਇਜਲਾਸ ਸ਼ੁਰੂ ਹੋਵੇਗਾ ਅਸੀਂ ਅੱਤ ਦੀ ਮਹਿੰਗਾਈ, ਅਪਰਾਧ, ਇਮੀਗ੍ਰੇਸ਼ਨ, ਰਹਿਣ-ਸਹਿਣ ਦੀ ਲਾਗਤ ਅਤੇ ਘਰਾਂ ਦੀਆਂ ਕੀਮਤਾਂ ਲੋਕਾਂ ਦੀ ਪਹੁੰਚ ਤੋਂ ਦੁਰ ਹੋਣ ਦਾ ਵਿਰੋਧ ਕਰਾਂਗੇ, ਸਗੋਂ ਅਸੀਂ ਸੁਰੱਖਿਅਤ ਗਲੀਆਂ, ਸੁਰੱਖਿਅਤ ਸਰਹੱਦਾਂ, ਸਾਡੇ ਲੋਕਾਂ ਲਈ ਚੰਗੀ ਤਨਖਾਹ ਵਾਲੇ ਇੱਕ ਮਜ਼ਬੂਤ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਲਈ ਅਸਲ ਹੱਲ ਦਾ ਪ੍ਰਸਤਾਵ ਲੈਕੇ ਆਵਾਂਗੇ।
ਟੋਰਾਂਟੋ ਤੋਂ ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ , ਕੰਜਰਵੇਟਿਵ ਆਗੂ ਬੌਬ ਦੁਸਾਂਝ ਸਿੰਘ ਆਦਿ ਨੇ ਪੋਲੀਵਰ ਨੂੰ ਜਿੱਤ ਦੀ ਵਧਾਈ ਦਿੱਤੀ ਹੈ ।