ਸਟਾਰ ਨਿਊਜ਼:- ਕੈਨੇਡਾ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਦੇ ਸਿਟੀ ਹਾਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਸਥਾਨਕ ਸਿੱਖ ਭਾਈਚਾਰੇ ਵਲੋਂ ਕੀਤੀ ਜਾਂਦੀ ਹੈ। 11 ਅਪ੍ਰੈਲ ਨੂੰ ਉਨਟੈਰੀE ਦੇ ਸ਼ਹਿਰ ਕੈਮਬ੍ਰਿਜ ਵਿਖੇ ਵੀ ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਸਮਾਗਮ ਕੈਮਬ੍ਰਿਜ ਸਿਟੀ ਹਾਲ ਵਿਖੇ ਹੋਏ। ਇਹ ਉਪਰਾਲਾ ਹਰ ਸਾਲ ਪਰਮ ਸਾਦੜਾ ਵਲੋਂ ਕੀਤਾ ਜਾਂਦਾ ਹੈ। ਇਸ ਸਾਲ ਦਾ ਸਮਾਗਮ ਜਿਹੜਾ ਤਕਰੀਬਨ ਦੁਪਿਹਰ 12 ਵਜੇ ਸ਼ੁਰੂ ਹੋਇਆ ਪਰਮ ਸਾਦੜਾ ਵਲੋਂ ਪਹੁੰਚੀਆਂ ਸਿੱਖ ਸੰਗਤਾਂ ਨੂੰ ਜੀ ਆਈਆਂ ਕਿਹਾ ਗਿਆ, ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਹੈ, ਸਾਨੂੰ ਸਾਰਿਆਂ ਨੂੰ ਆਪਣੀ ਇੱਕਜੱੁਟਤਾ ਅਤੇ ਕੈਨੇਡੀਅਨ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕੈਮਬ੍ਰਿਜ ਸਿਟੀ ਅਤੇ ਮੇਅਰ ਜੇਨ ਲਿਗੈਟ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮੇਅਰ ਜੇਨ ਲਿਗੈਟ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਉਹ ਸਿੱਖ ਹੈਰੀਟੇਜ ਮੰਥ ਦੀ ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹਨ, ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਸ਼ਾਂਤੀਪੁਰਵਕ ਰਹਿਣਾ ਚਾਹੀਦਾ ਹੈ। ਇਸ ਮੌਕੇ ‘ਤੇ ਸਿਟੀ ਕੌਂਸਲਰਾਂ ਵਿੱਚੋਂ ਹੈਲਨ ਸ਼ਵੇਰੀ, ਰੌਸ ਅਰਨਸ਼ੌਅ, ਕੋਰੀ ਕਿੰਪਸਨ, ਨਿਕਸਲ ਇਰਮੇਟਾ, ਸ਼ੈਰੀ ਰੋਬਰਟਸ ਵੀ ਵਿਸੇ਼ਸ਼ ਤੌਰ ‘ਤੇ ਸ਼ਾਮਿਲ ਹੋਏ। ਸ੍ਰੀ ਗੁਰੂ ਸਿੰਘ ਸਭਾ, ਕੈਮਬ੍ਰਿਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸੁੱਖਵਿੰਦਰ ਸਿੰਘ ਸਮਰਾ ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਸੰਧੂ, ਅਮਨ ਹੰਸ ਅਤੇ ਜਸਬੀਰ ਸਾਦੜਾ ਪਹੁੰਚੇ ਹੋਏ ਸਨ। ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ ਤੋਂ ਰਣਜੀਤ ਸਿੰਘ ਸੰਗਤ ਦੇ ਨਾਲ ਪਹੁੰਚੇ ਹੋਏ ਸਨ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵਲੋਂ ਦੇਹ ਸਿ਼ਵਾ ਵਰ ਮੋਹੇ ਅਤੇ E ਕੈਨੇਡਾ ਦੇ ਗਾਇਨ ਤੋਂ ਬਾਅਦ ਅਰਦਾਸ ਨਾਲ ਹੋਈ। ਝੰਡਾ ਲਹਿਰਾਉਣ ਦੀ ਰਸਮ ਪਰਮ ਸਾਦੜਾ, ਮੇਅਰ ਜੇਨ ਲਿਗੈਟ ਅਤੇ ਸੁੱਖਵਿੰਦਰ ਸਿੰਘ ਸਮਰਾ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ।