ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਹੋਵਾ ‘ਚ ਨੈਸ਼ਨਲ ਹਾਈਵੇਅ 152 ਡੀ ‘ਤੇ ਟਿੱਕਰੀ ਪਿੰਡ ਨੇੜੇ ਇਕ ਕਾਰ ਪਲਟਦੀ ਹੋਈ ਦੂਜੇ ਪਾਸੇ ਤੋਂ ਸਕਾਰਪੀਓ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਜੇ ਤੱਕ ਇਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਸਕਾਰਪੀਓ ਸਵਾਰ ਦੋ ਨੌਜਵਾਨਾਂ ਮੋਹਿਤ (26) ਅਤੇ ਗੁਰਬਚਨ (27) ਵਾਸੀ ਕੈਥਲ ਨੂੰ ਵੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਬਾਬਾ ਵਰਿੰਦਰ ਸਿੰਘ (26), ਬਾਬਾ ਗੁਰਪੇਜ ਸਿੰਘ (40), ਬਾਬਾ ਹਰਵਿੰਦਰ ਸਿੰਘ (38), ਹਰਮਨ ਸਿੰਘ (25), ਮਨਦੀਪ ਸਿੰਘ (24) ਅਤੇ ਇੱਕ 18 ਸਾਲਾ ਨੌਜਵਾਨ ਪਿਹੋਵਾ ਤੋਂ ਆਪਣੇ ਡੇਰਾ ਦੀਪ ਸਿੰਘ ਸਲਪਾਣੀ ਕਲਾਂ ਜਾ ਰਹੇ ਸਨ। ਜਿਵੇਂ ਹੀ ਉਹ ਟਿੱਕਰੀ ਦੇ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਸਾਹਮਣੇ ਇਕ ਬੇਸਹਾਰਾ ਜਾਨਵਰ ਆ ਗਿਆ
ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਡਰਾਈਵਰ ਨੇ ਕਾਰ ਨੂੰ ਦੂਜੇ ਪਾਸੇ ਮੋੜ ਲਿਆ ਪਰ ਕੰਟਰੋਲ ਗੁਆ ਬੈਠਣ ਕਾਰਨ ਇਹ ਪਲਟ ਗਈ ਅਤੇ ਦੂਜੇ ਪਾਸੇ ਜਾ ਕੇ ਅੰਬਾਲਾ ਵੱਲੋਂ ਆ ਰਹੀ ਸਕਾਰਪੀਓ ਨਾਲ ਟਕਰਾ ਗਈ। ਸਕਾਰਪੀਓ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।
ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ‘ਚ 5 ਸਿੱਖ ਸੇਵਾਦਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ 18 ਸਾਲਾ ਨੌਜਵਾਨ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢ ਕੇ ਸੀ.ਐੱਚ.ਸੀ. ਪਿਹੋਵਾ ਭੇਜ ਦਿੱਤਾ। ਜ਼ਖਮੀ ਨੌਜਵਾਨ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ