ਚੰਡੀਗੜ੍ਹ: ਪੰਜਾਬ ਦੇ ਮਾਨਸਾ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਅੱਜ ਸਵੇਰੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਝੋਟਾ ਉੱਤੇ ਇੱਕ ਮੈਡੀਕਲ ਸਟੋਰ ਦੇ ਅੰਦਰ ਗੋਲੀਆਂ ਬਰਸਾਈਆਂ ਗਈਆਂ। ਉਸ ਵੇਲੇ ਉਹ ਫੇਸਬੁੱਕ ਲਾਈਵ ਕਰ ਰਹੇ ਸਨ ਅਤੇ ਨਸ਼ੇ ਦੇ ਖ਼ਿਲਾਫ਼ ਅਭਿਆਨ ਵਿਚ ਹੀ ਲੱਗੇ ਹੋਏ ਸਨ। ਇਲਜ਼ਾਮ ਹੈ ਕਿ ਮੈਡੀਕਲ ਸਟੋਰ ਦੇ ਮਾਲਕ ਨੇ ਹੀ ਉਨ੍ਹਾਂ ਉੱਤੇ ਗੋਲੀਆਂ ਦਾਗੀਆਂ। ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਣ ਤੋਂ ਬਾਅਦ ਹਸਪਤਾਲ ਵਿਚ ਝੋਟਾ ਦੀ ਮੌਤ ਹੋ ਗਈ।
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ।
ਡੀ.ਆਈ.ਜੀ. ਨੇ ਦੱਸਿਆ, “ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ।” ਡੀ.ਆਈ.ਜੀ. ਨੇ ਦੱਸਿਆ ਕਿ ਪੁਲੀਸ ਨੂੰ ਮੰਗਲਵਾਰ ਸਵੇਰੇ 10.30 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਤੌਰ ‘ਤੇ ਅਜਿਹਾ ਲੱਗਦਾ ਹੈ ਕਿ ਕਤਲ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਡੀ.ਆਈ.ਜੀ. ਅਨੁਸਾਰ, ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ 2023 ਦੀ ਇੱਕ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ। ਹਾਲਾਂਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।
ਦੁਪਹਿਰ ਕਰੀਬ 3.30 ਵਜੇ ਮਾਨਸਾ ਵਿੱਚ ਕੁਝ ਨਿਹੰਗ ਸਿੰਘਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਹੰਗਾਮੇ ਦੌਰਾਨ ਅਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਕਥਿਤ ਤੌਰ ‘ਤੇ ਜੁੜੀ ਮੈਡੀਕਲ ਦੀ ਦੁਕਾਨ (ਕੈਮਿਸਟ ਸ਼ੌਪ) ਦੀ ਭੰਨਤੋੜ ਕੀਤੀ। ਇਹ ਘਟਨਾ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਵਾਪਰੀ। ਪ੍ਰਦਰਸ਼ਨਕਾਰੀਆਂ ਨੇ ਮੌਕੇ ‘ਤੇ ਤਾਇਨਾਤ ਇੱਕ ਫਾਇਰ ਟੈਂਡਰ ਨੂੰ ਵੀ ਨੁਕਸਾਨ ਪਹੁੰਚਾਇਆ। ਬਾਅਦ ਵਿੱਚ ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ ਹੈ।
ਸਮਰਥਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪਰਵਿੰਦਰ ਝੋਟਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਸਿਵਲ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਮਾਨਸਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਇਨਸਾਫ਼ ਮਿਲਣ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ।














