ਉਨਟਾਰੀਓ : ਗਲੋਬਲ ਅਫੇਅਰਜ਼ ਕੈਨੇਡਾ ਨੇ ਹਮਾਸ ਅਤੇ ਇਜ਼ਰਾਈਲ ਦਰਮਿਆਨ ਚਲ ਰਹੇ ਘਾਤਕ ਸੰਘਰਸ਼ ਵਿੱਚ ਪੰਜਵੇਂ ਕੈਨੇਡੀਅਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 3 ਹੋਰ ਕੈਨੇਡੀਅਨਜ਼ ਅਜੇ ਵੀ ਲਾਪਤਾ ਹਨ। ਗਲੋਬਲ ਅਫੇਅਰਜ਼ ਨੇ ਗੋਪਨੀਯਤਾ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਮਰਨ ਵਾਲੇ ਪੰਜਵੇਂ ਵਿਅਕਤੀ ਜਾਂ ਜੋ ਲਾਪਤਾ ਹਨ, ਦੇ ਵੇਰਵੇ ਪ੍ਰਦਾਨ ਨਹੀਂ ਕੀਤੇ।ਗਲੋਬਲ ਅਫੇਅਰਜ਼ ਕੈਨੇਡਾ ਦੀ ਸਹਾਇਕ ਡਿਪਟੀ ਮੰਤਰੀ, ਜੂਲੀ ਸੰਡੇ ਨੇ ਔਟਵਾ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ, ਅਸੀਂ ਤਿੰਨ ਲਾਪਤਾ ਵਿਅਕਤੀਆਂ ਦੇ ਮਾਮਲੇ ਨੂੰ ਹੱਲ ਕਰਨ ‘ਤੇ ਬਹੁਤ ਫੋਕਸ ਕਰ ਰਹੇ ਹਾਂ, ਜਿਨ੍ਹਾਂ ਨੂੰ ਲੱਭਣ ਅਤੇ ਕੈਨੇਡਾ ਵਿੱਚ ਸੁਰੱਖਿਅਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਹਮਲੇ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ ਅਤੇ ਸੈਂਕੜੇ ਹੀ ਜ਼ਖਮੀ ਹੋਏ ਸਨ। ਇਜ਼ਰਾਈਲ ਵੱਲੋਂ ਵੀ ਹਮਾਸ ‘ਤੇ ਕੀਤੀ ਜਵਾਬੀ ਕਾਰਵਾਈ ਵਿਚ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਜ਼ਰਾਈਲ ਵਿੱਚ 6,800 ਤੋਂ ਵੱਧ ਅਤੇ ਵੈਸਟ ਬੈਂਕ ਅਤੇ ਗਾਜ਼ਾ ਵਿੱਚ 450 ਤੋਂ ਵੱਧ ਕੈਨੇਡੀਅਨਜ਼ ਰਜਿਸਟਰਡ ਹਨ। ਜੂਲੀ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਲਗਭਗ 3,300 ਪਰਮਾਨੈਂਟ ਰੈਜ਼ੀਡੈਂਟਸ, ਕੈਨੇਡੀਅਨਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ।