ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ ਤੀਜਾ ਦਿਨ ਹੈ। ਮੰਗਲਵਾਰ ਨੂੰ ਸ਼ੰਭੂ ਬਾਰਡਰ ‘ਤੇ ਹੋਏ ਹੰਗਾਮੇ ਮਗਰੋਂ ਅੱਜ ਵੀ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਅੱਜ ਸ਼ਾਮ ਨੂੰ ਕੇਂਦਰ ਸਰਕਾਰ ਕਿਸਾਨਾਂ ਨਾਲ ਫਿਰ ਗੱਲਬਾਤ ਕਰੇਗੀ, ਉਦੋਂ ਤੱਕ ਕਿਸਾਨਾਂ ਨੇ ਅੱਗੇ ਨਾ ਵਧਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਚਢੂਨੀ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਨਿਤਰੇ ਹਨ।
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਅੱਜ ਫੈਸਲੇ ਲਏ ਗਏ ਹਨ ਕਿ ਅਸੀਂ ਭਲਕੇ ਤਿੰਨ ਘੰਟੇ ਲਈ ਦੁਪਹਿਰ 12 ਤੋਂ ਸ਼ਾਮਮ 3 ਵਜੇ ਤੱਕ ਹਰਿਆਣਾ ਨੂੰ ਟੋਲ ਫ੍ਰੀ ਰੱਖਾਂਗੇ। ਇਸ ਤੋਂ ਪੰਜਾਬ, ਯੂਪੀ ਜਿਥੇ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਹਨ ਉਹ ਉਥੇ 3 ਘੰਟੇ ਟੋਲ ਫ੍ਰੀ ਰੱਖਣਗੇ। ਪਰਸੋਂ ਹਰ ਤਹਿਸੀਲ ਵਿਚ ਦੁਪਿਹਰ 12 ਵਜੇ ਤੋਂ ਟਰੈਕਟਰ ਪਰੇਡ ਕੱਢੀ ਜਾਵੇਗੀ। ਸਾਰੀਆਂ ਤਹਿਸੀਲਾਂ ਦੇ ਕਿਸਾਨ ਇਸ ਬਾਰੇ ਖੁਦ ਤੈਅ ਕਰਨਗੇ ਕਿ ਕਿੱਥ-ਕਿੱਥੇ ਜਾਣਾ ਹੈ। 18 ਫਰਵਰੀ ਨੂੰ ਸਾਰੇ ਕਿਸਾਨ ਤੇ ਮਜ਼ਦੂਰ ਸੰਗਠਨਾਂ ਦੀ ਸਾਂਝੀ ਮੀਟਿੰਗ ਹੋਵੇਗੀ, ਉਸੇ ਬੈਠਕ ਵਿੱਚ ਅੱਗੇ ਦੇ ਫੈਸਲੇ ਲਏ ਜਾਣਗੇ। ਮੀਟਿੰਗ ਬ੍ਰਹਮ ਸਰੋਵਰ ਪਾਰਕ ਕੋਲ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿੱਚ ਰਹਿ ਕੇ ਹੀ ਸਾਰੇ ਕਿਸਾਨਾਂ ਨੂੰ ਸਮਰਥਨ ਦਿਆਂਗੇ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਭਲਕੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਆਪਣੀਆਂ ਮੰਗਾਂ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪੈਟਰੋਲ ਪੰਪ ਮਾਲਕਾਂ ਨੇ ਅੱਜ ਪੂਰਾ ਦਿਨ ਕੰਪਨੀਆਂ ਤੋਂ ਪੈਟਰੋਲ ਨਾ ਖਰੀਦਣ ਦਾ ਫੈਸਲਾ ਕੀਤਾ ਹੈ, ਜਦਕਿ ਹੁਣ ਸ਼ੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।