ਚੰਡੀਗੜ੍ਹ – ਇੱਕ ਪਾਸੇ ਪੂਰੇ ਸੂਬੇ ਵਿਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵਿਰੋਧ ਦੇ ਨਾਲ ਹੁਣ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਕਿਸਾਨਾਂ ਦੇ ਮੁੱਦਿਆਂ ‘ਤੇ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਹੈ। ਅੱਜ ਚੰਡੀਗੜ੍ਹ ਦੇ ਸੈਕਟਰ-35 ਵਿਚ ਕਿਸਾਨਾਂ ਵੱਲੋਂ ਡਿਬੇਟ ਰੱਖੀ ਗਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਸੀਂ ਸਵੇਰੇ 11 ਵਜੇ ਕਿਸਾਨ ਭਵਨ ਪਹੁੰਚ ਜਾਵਾਂਗੇ ਅਤੇ 3 ਵਜੇ ਤੱਕ ਭਾਜਪਾ ਆਗੂਆਂ ਦਾ ਇੰਤਜ਼ਾਰ ਕਰਾਂਗੇ। ਜੇਕਰ ਭਾਜਪਾ ਆਗੂ ਬਹਿਸ ਲਈ ਪਹੁੰਚਦੇ ਹਨ ਤਾਂ ਠੀਕ ਹੈ, ਜੇਕਰ ਉਹ ਨਾ ਆਏ ਤਾਂ ਅਗਲੀ ਰਣਨੀਤੀ ਬਣਾਈ ਜਾਵੇਗੀ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇ ਟੀਵੀ ’ਤੇ ਬਹਿਸ ਦੌਰਾਨ ਕਿਹਾ ਸੀ ਕਿ ਕਿਸਾਨ ਬਿਨਾਂ ਕਿਸੇ ਕਾਰਨ ਸਰਹੱਦ ’ਤੇ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ਬਿਲਕੁਲ ਵੀ ਜਾਇਜ਼ ਨਹੀਂ ਹਨ। ਸਾਡੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਦੀ ਬਜਾਏ ਟੀਵੀ ‘ਤੇ ਆ ਕੇ ਬਹਿਸ ਕਰੋ। ਇਸ ਲਈ ਅਸੀਂ ਬਹਿਸ ਕਰਵਾਈ ਹੈ।
ਭਾਜਪਾ ਆਗੂਆਂ ਨੂੰ ਪਹਿਲਾਂ ਥਾਂ ਤੈਅ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਹੁਣ ਕਿਸਾਨਾਂ ਨੇ ਸੈਕਟਰ-35 ਕਿਸਾਨ ਭਵਨ ਨੂੰ ਚੁਣਿਆ ਹੈ। ਚਾਰ ਕਿਸਾਨ ਆਗੂ ਸਾਰਾ ਦਿਨ ਤੱਥਾਂ ਤੇ ਅੰਕੜਿਆਂ ਨਾਲ ਉਥੇ ਬੈਠਣਗੇ। ਬਹਿਸ ਦੀ ਉਡੀਕ ਰਹੇਗੀ। ਇਸ ਬਹਿਸ ਰਾਹੀਂ ਅਸੀਂ ਲੋਕਾਂ ਨੂੰ ਪੂਰੀ ਸੱਚਾਈ ਦੱਸਣਾ ਚਾਹੁੰਦੇ ਹਾਂ।