ਖਨੌਰੀ: ਖਨੌਰੀ ਮੋਰਚੇ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 49ਵਾਂ ਦਿਨ ਹੈ। ਉਨ੍ਹਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਐਤਵਾਰ ਨੂੰ ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਦੀਆਂ ਹੱਡੀਆਂ (ਖਾਸ ਕਰਕੇ ਅੱਖਾਂ ਦੇ ਪਾਸੇ ਦੀਆਂ) ਸੁੰਗੜਨੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ ਬਹੁਤ ਚਿੰਤਾਜਨਕ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਬੀਪੀ, ਸ਼ੂਗਰ ਅਤੇ ਹੋਰ ਟੈਸਟ ਵੀ ਨਾਰਮਲ ਨਹੀਂ ਹਨ।
ਡਾਕਟਰਾਂ ਦੀ ਟੀਮ 24 ਘੰਟੇ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ। ਸੰਯੁਕਤ ਕਿਸਾਨ ਮੋਰਚਾ (SKM) ਅਤੇ SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਤਰਫੋਂ ਆਪਸੀ ਤਾਲਮੇਲ ਲਈ ਅੱਜ ਪਾਤੜਾਂ ਵਿੱਚ ਮੀਟਿੰਗ ਕੀਤੀ ਜਾਵੇਗੀ। ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਪਟਿਆਲਾ ਵਿਖੇ ਹੋਣੀ ਸੀ। ਕਿਸਾਨ ਆਗੂ ਅਭਿਮੰਨਿਊ ਕੋਹਾੜ ਅਨੁਸਾਰ ਦੋਵੇਂ ਮੋਰਚਿਆਂ ਦੇ ਵਫ਼ਦ ਸੋਮਵਾਰ ਨੂੰ ਪਾਤੜਾਂ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਐਤਵਾਰ ਨੂੰ ਹਿਸਾਰ ਤੋਂ ਕਿਸਾਨਾਂ ਦਾ ਇੱਕ ਸਮੂਹ ਡੱਲੇਵਾਲ ਦੇ ਸਮਰਥਨ ਵਿੱਚ ਖਨੌਰੀ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਪੂਰੇ ਦੇਸ਼ ਦੇ ਕਿਸਾਨਾਂ ਦੇ ਆਗੂ ਹਨ ਅਤੇ ਸਾਰੇ ਕਿਸਾਨ ਉਨ੍ਹਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ।
ਮੋਰਚੇ ਨੇ ਡੱਲੇਵਾਲ ਵੱਲੋਂ ਸੰਤਾਂ, ਮਹਾਂਪੁਰਖਾਂ ਅਤੇ ਧਾਰਮਿਕ ਆਗੂਆਂ ਨੂੰ ਦਸਤਖ਼ਤਾਂ ਵਾਲੇ ਪੱਤਰ ਲਿਖੇ ਹਨ। ਲਿਖਿਆ ਹੈ ਕਿ ਡੱਲੇਵਾਲ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਮ.ਰਨ ਵਰਤ ‘ਤੇ ਹਨ। ਹਜ਼ਾਰਾਂ ਕਿਸਾਨ ਪਿਛਲੇ 11 ਮਹੀਨਿਆਂ ਤੋਂ ਸੜਕਾਂ ‘ਤੇ ਬੈਠੇ ਹਨ। ਧਰਨੇ ਦੌਰਾਨ ਪੁਲਿਸ ਕਾਰਵਾਈ ਕਾਰਨ ਇੱਕ ਕਿਸਾਨ ਸ਼ਹੀਦ ਹੋ ਗਿਆ, 5 ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ 434 ਕਿਸਾਨ ਜ਼ਖ਼ਮੀ ਹੋ ਗਏ। ਅਸੀਂ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਪੱਤਰ ਲਿਖ ਚੁੱਕੇ ਹਾਂ, ਪਰ ਕਿਸੇ ਨੇ ਵੀ ਕਿਸਾਨਾਂ ਦੀ ਚਿੱਠੀ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਜਵਾਬ ਦਿੱਤਾ। ਕਿਸਾਨਾਂ ਵਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਮੋਰਚੇ ਦੀ ਤਾਕਤ ਅਤੇ ਜਿੱਤ ਲਈ ਵਾਹਿਗੁਰੂ/ਅੱਲ੍ਹਾ ਦੇ ਚਰਨਾਂ ਵਿੱਚ ਅਰਦਾਸ ਕਰੋ।