ਇੱਕ ਅਮਰੀਕੀ ਐਡਵਾਂਸਡ ਲੜਾਕੂ ਜਹਾਜ਼ F35 ਮੰਗਲਵਾਰ ਨੂੰ ਅਲਾਸਕਾ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਅਮਰੀਕੀ ਹਵਾਈ ਸੈਨਾ ਦਾ ਇੱਕ ਪਾਇਲਟ ਸੁਰੱਖਿਅਤ ਦੱਸਿਆ ਗਿਆ ਹੈ। ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਈਲਸਨ ਏਅਰ ਫੋਰਸ ਬੇਸ ‘ਤੇ ਟ੍ਰੇਨਿੰਗ ਦੌਰਾਨ ਵਾਪਰਿਆ।

ਦੱਸ ਦੇਈਏ ਕਿ ਹਾਦਸਾ ਬੁੱਧਵਾਰ ਭਾਰਤੀ ਸਮੇਂ ਅਨੁਸਾਰ ਤੜਕੇ 3:19 ਵਜੇ (ਮੰਗਲਵਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:49 ਵਜੇ) ਵਾਪਰਿਆ। ਜਾਣਕਾਰੀ ਅਨੁਸਾਰ ਹਵਾਈ ਸੈਨਾ ਦੇ 354ਵੇਂ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਪਾਲ ਟਾਊਨਸੈਂਡ ਮੁਤਾਬਕ ਪਾਇਲਟ ਨੂੰ ਉਡਾਣ ਦੌਰਾਨ ਜਹਾਜ਼ ‘ਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਲੈਂਡਿੰਗ ਦੌਰਾਨ ਹਾਦਸਾ ਵਾਪਰ ਗਿਆ।
F-35 ਲੜਾਕੂ ਜਹਾਜ਼ 5ਵੀਂ ਪੀੜ੍ਹੀ ਦਾ ਜਹਾਜ਼ ਹੈ ਅਤੇ ਇਸਨੂੰ ਲਾਕਹੀਡ ਮਾਰਟਿਨ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਸ ਜਹਾਜ਼ ਦਾ ਨਿਰਮਾਣ 2006 ਤੋਂ ਸ਼ੁਰੂ ਕੀਤਾ ਗਿਆ ਸੀ। 2015 ਤੋਂ ਇਹ ਅਮਰੀਕੀ ਹਵਾਈ ਸੈਨਾ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਇਹ ਜਹਾਜ਼ 12 ਘੰਟੇ ਲਗਾਤਾਰ ਉਡਾਣ ਭਰਨ ਦੇ ਸਮਰੱਥ ਹੈ।