ਕੈਨੇਡੀਅਨ ਹਾਈ ਕਮਿਸ਼ਨ ਅਬੂਜਾ ਜੋ ਕਿ ਨਾਈਜੀਰੀਆ ਦੀ ਰਾਜਧਾਨੀ ‘ਚ ਸਥਿੱਤ ਹੈ ਦੀ ਬਿਲਡਿੰਗ ਵਿੱਚ ਹੋਏ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ , ਇਸ ਦੌਰਾਨ ਦੋ ਹੋਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ , ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ । ਐਫਸੀਟੀ ਫਾਇਰ ਸਰਵਿਸ ਦੇ ਮਰਸੀ ਡਗਲਸ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਜਨਰੇਟਰ ਬਿਲਡਿੰਗ ਦੇ ਅੰਦਰ ਇੱਕ ਟੈਂਕਰ ਵਿੱਚ ਧਮਾਕਾ ਹੋਇਆ ਅਤੇ ਜਨਰੇਟਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਲਈ ਕੰਮ ਕਰਦੇ 2 ਵਿਅਕਤੀਆਂ ਦੀ ਮੌਤ ਹੋ ਗਈ । ਮਰਸੀ ਡਗਲਸ ਨੇ ਕਿਹਾ ਕਿ ਧਮਾਕੇ ਨਾਲ ਇਮਾਰਤ ਦੇ ਬਾਹਰ ਦੋ ਲੋਕ ਜ਼ਖਮੀ ਹੋਏ ਹਨ ਜੋ ਕਿ ਹਸਪਤਾਲ ਵਿੱਚ ਇਲਾਜ ਅਧੀਨ ਹਨ । ਇੱਕ ਚਸ਼ਮਦੀਦ ਨੇ ਅੱਗ ਦੀ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ । ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਅਧਿਕਾਰੀ ਇਸ ਧਮਾਕੇ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਕੰਮ ਕਰ ਰਹੇ ਹਨ। ਜੌਲੀ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ ।