ਕਰਨਾਲ : ਹਰਿਆਣਾ ਦੇ ਸੋਨੀਪਤ ਵਿਚ ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਕਤਲ ਕਰਨ ਵਾਲੇ ਚਾਰ ਬਦਮਾਸ਼ਾਂ ਨੂੰ ਪੁਲਿਸ ਨੇ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਬਦਮਾਸ਼ ਲਾਰੈਂਸ ਬਿਸ਼ਨੋਈ ਗਿਰੋਹ ਦੇ ਗੁਰਗੇ ਹਨ। ਜ਼ਖਮੀ ਸ਼ੂਟਰ ਮਨਜੀਤ, ਚੇਤਨ, ਓਜਸਵੀ ਅਤੇ ਜਗਬੀਰ ਲਾਰੈਂਸ ਗਿਰੋਹ ਦੇ ਸ਼ੂਟਰ ਪ੍ਰਿਆਵਰਤ ਫੌਜੀ ਦੇ ਪਿੰਡ ਗੜ੍ਹੀ ਸਿਸਾਣਾ ਦੇ ਰਹਿਣ ਵਾਲੇ ਹਨ। ਪ੍ਰਿਆਵਰਤ ਫੌਜੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਸੀ।
ਸੋਨੀਪਤ ਦੀ ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਨੇ ਚਾਰਾਂ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਫਾਇਰਿੰਗ ਤੋਂ ਬਾਅਦ ਮਨਜੀਤ ਉਰਫ ਮਟਕਣ ਕਾਨਾ, ਚੇਤਨ ਅਤੇ ਓਜਸਵੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਜਦਕਿ ਨਾਲ ਹੀ ਚੌਥੇ ਨੂੰ ਵੀ ਪੁਲਿਸ ਨੇ ਫੜ੍ਹ ਲਿਆ।
ਜਿਨ੍ਹਾਂ ਨੂੰ ਇਲਾਜ ਲਈ ਖਰਖੌਦਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਹੋਏ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੀਐੱਚਸੀ ਖਰਖੌਦਾ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੀਪਕ ਮਾਨ ਉਰਫ਼ ਮਾਨ ਜੈਤੋ ਦੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਬਾਅਦ ਦੁਪਹਿਰ ਸਿਵਲ ਹਸਪਤਾਲ ਪੁੱਜੇ। ਅਜੇ ਤੱਕ ਉਸ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਸ਼ੁਰੂਆਤੀ ਜਾਂਚ ‘ਚ ਜਾਪਦਾ ਹੈ ਕਿ ਉਸ ਦੇ ਸਿਰ ‘ਚ 6-7 ਗੋਲੀਆਂ ਮਾਰੀਆਂ ਗਈਆਂ ਹਨ ਅਤੇ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖਾਨਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰ ਵੀ ਲਾਸ਼ ਲੈ ਕੇ ਚਲੇ ਗਏ ਹਨ।