ਬਾਕੀ ਉਮੀਦਵਾਰਾਂ ਦੀਆਂ ਟਿਕਟਾਂ ਦਾ ਵੀ ਐਲਾਨ

ਬਲਬੀਰ ਸਿੰਘ ਬੱਬੀ

ਸਮੁੱਚੇ ਦੇਸ਼ ਦੇ ਵਾਂਗ ਸਾਡੇ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜੋ ਕਿ ਦਿਨ ਬ ਦਿਨ ਹੋਰ ਵੀ ਭਖਦਾ ਜਾ ਰਿਹਾ ਹੈ। ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।
ਅੱਜ ਕਾਂਗਰਸ ਵੱਲੋਂ ਆਪਣੇ ਚਾਰ ਨਵੇਂ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਹੈ। ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ, ਅਨੰਦਪੁਰ ਸਾਹਿਬ ਤੋਂ ਵਿਜੈ ਇੰਦਰ ਸਿੰਗਲਾ ਦੇ ਉਮੀਦ ਨਾਮ ਦੀ ਨਵੀਂ ਸੂਚੀ ਸਾਹਮਣੇ ਆਈ ਹੈ ਜੇਕਰ ਥੋੜਾ ਜਿਹਾ ਨਜ਼ਰ ਮਾਰੀਏ ਤਾਂ ਲੁਧਿਆਣਾ ਦੀ ਵੱਡੀ ਤੇ ਵੱਕਾਰੀ ਬਣੀ ਸੀਟ ਲਈ ਕਾਂਗਰਸ ਨੇ ਇੱਕ ਵੱਡਾ ਦਾਅ ਖੇਡਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਇਥੋਂ ਕਾਂਗਰਸ ਤੋਂ ਨਵੇਂ ਬਣੇ ਭਾਜਪਾਈ ਰਵਨੀਤ ਬਿੱਟੂ ਦੇ ਮੁਕਾਬਲੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਹੈ। ਰਵਨੀਤ ਬਿੱਟੂ ਹਾਲੇ ਕੁਝ ਦਿਨ ਪਹਿਲਾਂ ਹੀ ਕਹਿ ਰਹੇ ਸਨ ਕਿ ਜੇਕਰ ਕਾਂਗਰਸ ਵਾਲਿਆਂ ਨੂੰ ਉਮੀਦਵਾਰ ਨਹੀਂ ਮਿਲਦੇ ਤਾਂ ਅਸੀਂ ਦੇ ਦਿੰਦੇ ਹਾਂ ਅਜਿਹੀਆਂ ਸਿਆਸੀ ਸੁਰਲੀਆਂ ਦੇ ਵਿੱਚ ਲੁਧਿਆਣਾ ਸੀਟ ਕਾਂਗਰਸ ਲਈ ਵੀ ਵੱਕਾਰ ਬਣੀ ਹੋਈ ਹੈ।
ਲੁਧਿਆਣਾ ਤੋਂ ਕਾਂਗਰਸ ਨਾਲ ਸੰਬੰਧਿਤ ਆਗੂਆਂ ਜਿਨਾਂ ਵਿੱਚ ਖਾਸ ਤੌਰ ਉੱਤੇ ਭਰਤ ਭੂਸ਼ਣ ਆਸ਼ੂ ਤੇ ਹੋਰ ਲੁਧਿਆਣਾ ਦੇ ਲੋਕਲ ਕਾਂਗਰਸੀ ਆਗੂਆਂ ਦਾ ਨਾਮ ਸਾਹਮਣੇ ਆ ਰਿਹਾ ਸੀ। ਇਸ ਵਿੱਚ ਦਾ ਕੋਈ ਸ਼ੱਕ ਨਹੀਂ ਜੇ ਭਾਰਤ ਭੂਸ਼ਣ ਆਸ਼ੂ ਜਿਹੇ ਲੀਡਰ ਨੂੰ ਟਿਕਟ ਮਿਲ ਜਾਂਦੀ ਤਾਂ ਜੇ ਮਾੜੀ ਮੋਟੀ ਕਾਂਗਰਸ ਦੀ ਗੱਲਬਾਤ ਸੀ ਤਾਂ ਉਹ ਵੀ ਗਲ਼ ਜਾਣੀ ਸੀ ਦੂਜੇ ਪਾਸੇ ਸਿਆਸੀ ਮਾਹਿਰਾਂ ਅਨੁਸਾਰ ਕਾਂਗਰਸ ਨੇ ਆਪਣਾ ਤਕੜਾ ਉਮੀਦਵਾਰ ਤਾਂ ਐਲਾਨ ਦਿੱਤਾ ਗਿਆ ਹੈ ਪਰ ਉਹ ਲੁਧਿਆਣੇ ਵਾਸੀਆਂ ਦੇ ਉੱਪਰ ਪੈਰਾਸ਼ੂਟ ਰਾਹੀਂ ਹੀ ਥੋਪਿਆ ਗਿਆ। ਇਹ ਚੁੰਝ ਚਰਚਾ ਅੱਜ ਜਦੋਂ ਰਾਜਾ ਵੜਿੰਗ ਨੂੰ ਟਿਕਟ ਮਿਲੀ ਤਾਂ ਉਸ ਤੋਂ ਬਾਅਦ ਇਹ ਸਿਆਸੀ ਚਰਚਾ ਵੀ ਕਈ ਪਾਸਿਓ ਸੁਣਨ ਨੂੰ ਮਿਲੀ ਹੈ। ਹੁਣ ਲੁਧਿਆਣਾ ਦੇ ਵਿੱਚ ਕਾਂਗਰਸ ਵੱਲੋਂ ਰਾਜਾ ਵੜਿੰਗ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ ਭਾਜਪਾ ਵੱਲੋਂ ਰਵਨੀਤ ਬਿੱਟੂ ਤੇ ਆਮ ਆਦਮੀ ਪਾਰਟੀ ਵੱਲੋਂ ਪੱਪੀ ਪਰਾਸ਼ਰ ਪ੍ਰਮੁੱਖ ਉਮੀਦਵਾਰ ਹਨ। ਦੇਖਦੇ ਹਾਂ ਕੁੰਢੀਆਂ ਦੇ ਸਿੰਗ ਫਸ ਗਏ ਕਿਹੜੀ ਵੜੇਵੇਂ ਖਾਣੀ ਨਿੱਤਰਦੀ ਹੈ।