ਕੈਨੇਡਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਕੈਨੇਡਾ ਦੇ ਸਾਊਥ ਐਡਮਿੰਟਨ ‘ਚ ਕੰਮ ਵਾਲੀ ਥਾਂ ‘ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗਿੱਲ ਬਿਲਟ ਹੋਮਜ਼ ਲਿਮਟਿਡ ਦਾ ਮਾਲਕ ਬੂਟਾ ਸਿੰਘ ਗਿੱਲ ਸੋਮਵਾਰ ਨੂੰ ਐਡਮਿੰਟਨ ਵਿੱਚ ਗੋਲੀ ਮਾਰ ਕੇ ਮਾਰੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਸੀ।
ਰਿਪੋਰਟ ਮੁਤਾਬਕ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਬਜੀਤ ਸਿੰਘ, ਇੱਕ ਸਿਵਲ ਇੰਜੀਨੀਅਰ, ਜਿਸ ਨੂੰ ਘਟਨਾ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਕਥਿਤ ਤੌਰ ‘ਤੇ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ। ਪੰਜਾਬੀ ਮੂਲ ਦਾ ਬੂਟਾ ਸਿੰਘ ਗਿੱਲ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਮੁੱਖ ਬਿਲਡਰ ਤੇ ਪ੍ਰਧਾਨ ਸੀ। ਮਨਿੰਦਰ ਗਿੱਲ ਨੇ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਮੁਤਾਬਕ ਜਦੋਂ ਝਗੜਾ ਹੋਇਆ ਤਾਂ ਉਸਾਰੀ ਵਾਲੀ ਥਾਂ ‘ਤੇ ਤਿੰਨ ਵਿਅਕਤੀ ਮੌਜੂਦ ਸਨ, , ਇਸ ਵਿਚ ਇੱਕ ਭਾਰਤੀ ਮੂਲ ਦੇ ਉਸਾਰੀ ਮਜ਼ਦੂਰ ਨੇ ਕਥਿਤ ਤੌਰ ‘ਤੇ ਗਿੱਲ ਅਤੇ ਸਿੰਘ ਦੋਵਾਂ ਨੂੰ ਗੋਲੀ ਮਾਰ ਕੇ ਆਪਣੀ ਵੀ ਜਾਨ ਲੈ ਲਈ। ਹਾਲਾਂਕਿ ਝਗੜੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਜਾਂਚ ਜਾਰੀ ਹੈ।
ਐਡਮੰਟਨ ਜਰਨਲ ਨੇ ਰਿਪੋਰਟ ਦਿੱਤੀ ਕਿ ਅਧਿਕਾਰੀਆਂ ਨੂੰ ਦੁਪਹਿਰ ਦੇ ਕਰੀਬ ਕੈਵਨਾਗ ਬੁਲੇਵਾਰਡ ਅਤੇ 30 ਐਵੇਨਿਊ ਐਸਡਬਲਯੂ ਵਿਖੇ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਇੱਕ ਰਿਹਾਇਸ਼ੀ ਉਸਾਰੀ ਵਾਲੀ ਥਾਂ ਤੋਂ ਦੋ ਲਾਸ਼ਾਂ ਮਿਲੀਆਂ ਹਨ। ਪਤਾ ਲੱਗਾ ਹੈ ਕਿ ਬੂਟਾ ਸਿੰਘ ਗਿੱਲ ਨੇ ਇਸ ਤੋਂ ਪਹਿਲਾਂ ਵੀ 2-3 ਵਾਰ ਪੁਲਿਸ ਕੋਲ ਜਬਰੀ ਕਾਲਾਂ ਅਤੇ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਡਮਿੰਟਨ ਵਿੱਚ ਹੋਰ ਬਿਲਡਰਾਂ ਨੂੰ ਧਮਕੀਆਂ ਮਿਲਣ ਅਤੇ ਨਵੇਂ ਬਣੇ ਘਰਾਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਹਨ।