ਨਵੀ ਦਿੱਲੀ : ਪੱਛਮੀ ਬੰਗਾਲ ਵਿੱਚ ਟੀਐਮਸੀ ਦੇ ਆਈਟੀ ਸੈੱਲ ਮੁਖੀ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪਿਆਂ ਦੇ ਵਿਰੋਧ ਵਿੱਚ ਟੀਐਮਸੀ ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ’ਬ੍ਰਾਇਨ, ਮਹੂਆ ਮੋਇਤਰਾ, ਸ਼ਤਾਬਦੀ ਰਾਏ ਅਤੇ ਹੋਰ ਨੇਤਾਵਾਂ ਨੇ ਅੱਜ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੇ ਚਲਦਿਆ ਇਨ੍ਹਾਂ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪਾਰਟੀ ਦੇ ਅੱਠ ਸੰਸਦ ਮੈਂਬਰਾਂ ਵੱਲੋਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਦੱਸ ਦਈਏ ਕਿ ਸੰਸਦ ਮੈਂਬਰਾਂ ਨੇ ਨਾਅਰੇ ਲਗਾਏ “ਬੰਗਾਲ ਮੋਦੀ-ਸ਼ਾਹ ਦੀਆਂ ਗੰਦੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ।” “ਦਿੱਲੀ ਪੁਲਿਸ ਨੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ।” ਹੱਥੋਪਾਈ ਦੌਰਾਨ ਕੁਝ ਸੰਸਦ ਮੈਂਬਰ ਡਿੱਗ ਵੀ ਪਏ। ਪੁਲਿਸ ਨੇ ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮਹੂਆ ਨੇ ਕਿਹਾ, “ਦੇਖੋ ਚੁਣੇ ਹੋਏ ਸੰਸਦ ਮੈਂਬਰਾਂ ਨਾਲ ਕਿਵੇਂ ਵਿਵਹਾਰ ਕੀਤਾ ਜਾ ਰਿਹਾ ਹੈ।”

ਦਿੱਲੀ ਪੁਲਿਸ ਦੇ ਅਨੁਸਾਰ, ਇਨ੍ਹਾਂ ਸੰਸਦ ਮੈਂਬਰਾਂ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨਾ ਵਿਗੜੇ ਇਸ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਜਾਵੇਗਾ। ਜਿਨ੍ਹਾਂ ਅੱਠ ਸੰਸਦ ਮੈਂਬਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਉਨ੍ਹਾਂ ਚ ਡੇਰੇਕ ਓ’ਬ੍ਰਾਇਨ, ਸ਼ਤਾਬਦੀ ਰਾਏ, ਮਹੂਆ ਮੋਇਤਰਾ, ਬੱਪੀ ਹਲਦਰ, ਸਾਕੇਤ ਗੋਖਲੇ, ਪ੍ਰਤਿਮਾ ਮੰਡਲ, ਕੀਰਤੀ ਆਜ਼ਾਦ, ਡਾ. ਸ਼ਰਮੀਲਾ ਸਰਕਾਰ ਹਨ।

ਓਧਰ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦੇ ਵਿਰੋਧ ਵਿੱਚ ਦੁਪਹਿਰ 2 ਵਜੇ ਕੋਲਕਾਤਾ ਵਿੱਚ ਇੱਕ ਮਾਰਚ ਦੀ ਅਗਵਾਈ ਕਰੇਗੀ। ਦੱਸ ਦਈਏ ਕਿ ਇਹ ਮਾਮਲਾ ਬੀਤੇ ਕੱਲ੍ਹ 8 ਜਨਵਰੀ ਨੂੰ ਸ਼ੁਰੂ ਹੋਇਆ ਜਦੋਂ ਈਡੀ ਦੀ ਇੱਕ ਟੀਮ ਨੇ ਗੁਲਾਊਡਨ ਸਟਰੀਟ ‘ਤੇ ਪ੍ਰਤੀਕ ਜੈਨ ਦੇ ਘਰ ‘ਤੇ ਅਤੇ ਦੂਜੀ ਟੀਮ ਨੇ ਸਾਲਟ ਲੇਕ ਵਿੱਚ ਪ੍ਰਤੀਕ ਜੈਨ ਦੇ ਦਫ਼ਤਰ ‘ਤੇ ਛਾਪਾ ਮਾਰਿਆ।

ਜਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਛਾਪੇਮਾਰੀ ਦੀ ਸੂਚਨਾ ਮਿਲੀ ਤਾਂ ਉਹ ਪੁਲਿਸ ਅਧਿਕਾਰੀਆਂ ਨਾਲ ਸਿੱਧੇ ਪ੍ਰਤੀਕ ਦੇ ਘਰ ਗਈ। 20-25 ਮਿੰਟ ਉੱਥੇ ਰਹਿਣ ਤੋਂ ਬਾਅਦ ਉਹ ਇੱਕ ਫਾਈਲ ਫੋਲਡਰ ਲੈ ਕੇ ਚਲੀ ਗਈ। ਇਸਤੋਂ ਬਾਅਦ ਮਮਤਾ ਫਿਰ ਪ੍ਰਤੀਕ ਦੇ ਦਫ਼ਤਰ ਗਈ, ਜਿੱਥੇ ਉਹ ਲਗਭਗ 3:30 ਘੰਟੇ ਰਹੀ। ਮਮਤਾ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਸਨੇ ਕਿਹਾ, “ਮੈਨੂੰ ਮਾਫ਼ ਕਰਨਾ ਪ੍ਰਧਾਨ ਮੰਤਰੀ, ਕਿਰਪਾ ਕਰਕੇ ਆਪਣੇ ਗ੍ਰਹਿ ਮੰਤਰੀ ਨੂੰ ਕਾਬੂ ‘ਚ ਕਰੋ।”