ਰਿਕਟਰ ਪੈਮਾਨੇ ‘ਤੇ ਤੀਬਰਤਾ 5.2 ਮਾਪੀ
ਚੰਡੀਗੜ੍ਹ/ਬਰਨਾਲਾ(ਰਾਮ ਸਿੰਘ ਧਨੌਲਾ) : ਉੱਤਰ-ਪੂਰਬੀ ਰਾਜਾਂ ਅਸਾਮ ਅਤੇ ਮੇਘਾਲਿਆ ਸਮੇਤ ਦੇਸ਼ ਦੇ 4 ਰਾਜਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਪੱਛਮੀ ਬੰਗਾਲ ਅਤੇ ਤ੍ਰਿਪੁਰਾ ‘ਚ ਵੀ ਭੂਚਾਲ ਨਾਲ ਧਰਤੀ ਹਿੱਲੀ। ਮੇਘਾਲਿਆ ‘ਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.2 ਦਰਜ ਕੀਤੀ ਗਈ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਮੇਘਾਲਿਆ ‘ਚ ਸ਼ਾਮ 6.15 ਵਜੇ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.2 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਮੇਘਾਲਿਆ ਦੇ ਉੱਤਰੀ ਗਾਰੋ ਪਹਾੜਾਂ ‘ਚ ਕਰੀਬ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ।
ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸਿਲੀਗੁੜੀ ਅਤੇ ਕੂਚ ਬਿਹਾਰ ‘ਚ ਵੀ ਭੂਚਾਲ ਆਇਆ ਹੈ। ਸੋਮਵਾਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੋਣ ਕਾਰਨ ਲੋਕ ਸ਼ਾਮ ਨੂੰ ਘਰਾਂ ਵਿੱਚ ਹੀ ਸਨ। ਭੂਚਾਲ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਭੱਜੇ। ਹਾਲਾਂਕਿ, ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੂਜੇ ਪਾਸੇ ਦਾਰਜੀਲਿੰਗ ਦੀਆਂ ਪਹਾੜੀਆਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉੱਤਰੀ ਬੰਗਾਲ ਭੂਚਾਲ ਦੇ ਝਟਕਿਆਂ ਨਾਲ ਰਾਜ ਦਾ ਸਭ ਤੋਂ ਵੱਧ ਪ੍ਰਭਾਵਿਤ ਹਿੱਸਾ ਹੈ।
ਹਰਿਆਣਾ ‘ਚ ਇਕ ਦਿਨ ਪਹਿਲਾਂ ਆਇਆ ਸੀ ਭੂਚਾਲ
ਹਰਿਆਣਾ ‘ਚ ਇਕ ਦਿਨ ਪਹਿਲਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਇਸ ਭੂਚਾਲ ਦਾ ਕੇਂਦਰ ਰੋਹਤਕ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 2.6 ਮਾਪੀ ਗਈ ਸੀ। ਭੂਚਾਲ ਦੇ ਇਹ ਝਟਕੇ ਰਾਤ ਲਗਭਗ 11.26 ਮਿੰਟ ‘ਤੇ ਲੱਗੇ ਸਨ। ਖਾਸ ਗੱਲ ਇਹ ਹੈ ਕਿ ਭੂਚਾਲ ਦਾ ਕੇਂਦਰ ਧਰਤੀ ਤੋਂ ਮਹਿਜ਼ 5 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਰੋਹਤਕ ਵਿੱਚ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।