ਲੁਧਿਆਣਾ : ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਦੇਹਾਂਤ ਹੋ ਗਿਆ। ਸੁਰਜੀਤ ਪਾਤਰ ਦਾ ਅੰਤਿਮ ਸਸਕਾਰ 13 ਮਈ (ਸੋਮਵਾਰ) ਨੂੰ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸ਼ਨੀਵਾਰ ਨੂੰ ਪਦਮ ਸ਼੍ਰੀ ਅਤੇ ਉੱਘੇ ਸ਼ਾਇਰ ਡਾ: ਸੁਰਜੀਤ ਪਾਤਰ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਗਏ।

ਉੱਘੇ ਪੰਜਾਬੀ ਲੇਖਕ ਅਤੇ ਕਵੀ ਸੁਰਜੀਤ ਪਾਤਰ ਦਾ ਅੱਜ ਸਵੇਰੇ ਲੁਧਿਆਣਾ ਦੇ ਆਸ਼ਾ ਪੁਰੀ ਸਥਿਤ ਨਿਵਾਸ ਸਥਾਨ ‘ਤੇ ਦਿਲ ਦਾ ਦੌਰਾ ਪੈਣ ਕਾਰਨ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਡਾ: ਪਾਤਰ ਆਪਣੇ ਪਿੱਛੇ ਪਤਨੀ ਭੁਪਿੰਦਰ ਕੌਰ ਅਤੇ ਦੋ ਪੁੱਤਰ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਛੱਡ ਗਏ ਹਨ।

ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ
ਇਹ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਉਸ ਮਹਾਨ ਸਪੂਤ ਸੁਰਜੀਤ ਪਾਤਰ ਦੀਆਂ ਨੇ ਜੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਸ਼ਨੀਵਾਰ ਤੜਕੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਦਮਸ੍ਰੀ ਸੁਰਜੀਤ ਪਾਤਰ ਦੀ ਸਾਹਿਤਕ ਜ਼ਿੰਦਗੀ ’ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਬੇਹੱਦ ਪ੍ਰਸਿੱਧ ਹੋਈਆਂ, ਜਾਂ ਇਹ ਕਹਿ ਲਓ ਕਿ ਉਹ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਈਆਂ ਸੀ। ਸੁਰਜੀਤ ਪਾਤਰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਾਲ 2012 ਵਿਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਿਤ ਗਿਆ ਸੀ। ਉਨ੍ਹਾਂ ਦਾ ਜਨਮ ਜਨਵਰੀ 1945 ਵਿਚ ਜਲੰਧਰ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਉਨ੍ਹਾਂ ਦੇ ‘ਪਾਤਰ’ ਨਾਮ ਨਾਲ ਵੀ ਇਕ ਘਟਨਾ ਜੁੜੀ ਹੋਈ ਹੈ। ਦਰਅਸਲ ਉਨ੍ਹਾਂ ਨੇ ਅੰਗਰੇਜ਼ੀ ਦੇ ਇਕ ਕਾਲਜ ਮੈਗਜ਼ੀਨ ਵਿਚ ਜਦੋਂ ਆਪਣੇ ਪਿੰਡ ਦਾ ਨਾਮ ‘ਪੱਤੜ’ ਲਿਖਵਾਇਆ ਤਾਂ ਉਹ ਪਾਤਰ ਬਣ ਗਿਆ, ਬਸ ਫਿਰ ਕੀ ਸੀ, ਉਨ੍ਹਾਂ ਨੇ ਇਸੇ ਨਾਮ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਉਹ ਸੁਰਜੀਤ ਪੱਤੜ ਤੋਂ ਸੁਰਜੀਤ ਪਾਤਰ ਬਣ ਗਏ।

ਜਿਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੁਰੂਆਤ ਹੋਈ ਤਾਂ ਇੱਥੇ ਹੋਸਟਲਾਂ ਦੀ ਕਮੀ ਸੀ, ਜਿਸ ਕਰਕੇ ਜ਼ਿਆਦਾਤਰ ਵਿਦਿਆਰਥੀ ਯੂਨੀਵਰਸਿਟੀ ਤੋਂ ਬਾਹਰ ਹੀ ਆਪਣੇ ਰਹਿਣ ਦਾ ਇੰਤਜ਼ਾਮ ਕਰਦੇ ਸੀ। ਸੁਰਜੀਤ ਪਾਤਰ ਵੀ ਯੂਨੀਵਰਸਿਟੀ ਦੇ ਸ਼ੁਰੂਆਤੀ ਵਿਦਿਆਰਥੀਆਂ ਵਿਚ ਸ਼ਾਮਲ ਸਨ। ਪਾਤਰ ਸਾਬ੍ਹ ਨੇ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਉਨ੍ਹਾਂ ਨੂੰ ਦਲੀਪ ਕੌਰ ਟਿਵਾਣਾ, ਲਾਲੀ ਵਰਗੇ ਵਿਦਵਾਨਾਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ। ਸੁਰਜੀਤ ਪਾਤਰ ਪੰਜਾਬੀ ਐਮਏ ਵਿਚੋਂ ਗੋਲਡ ਮੈਡਲਿਸਟ ਸਨ ਅਤੇ ਉਨ੍ਹਾਂ ਦੀ ਪੀਐਚਡੀ ਖੋਜ ਕਾਰਜ ਦਾ ਵਿਸ਼ਾ ‘ਲੋਕ ਧਾਰਾ ਦਾ ਨਾਨਕ ਬਾਣੀ ਵਿਚ ਰੁਪਾਂਤਰਣ’ ਸੀ। ਪੰਜਾਬੀ ਯੂਨੀਵਰਸਿਟੀ ਦੌਰਾਨ ਹੀ ਸੁਰਜੀਤ ਪਾਤਰ ਨੇ ਆਪਣੀ ਮਸ਼ਹੂਰ ਕਵਿਤਾ ‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣ ਕੇ’ ਲਿਖੀ ਸੀ।

ਸੁਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਨੇ, ਉਹ ਖ਼ੁਦ ਵੀ ਹੋਰਨਾਂ ਭਾਸ਼ਾਵਾਂ ਦਾ ਸਾਹਿਤ ਪੜ੍ਹਦੇ ਰਹਿੰਦੇ ਸੀ। ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਕਾਰਾਂ ਤੋਂ ਕਾਫੀ ਪ੍ਰਭਾਵਿਤ ਸਨ। ਸੁਰਜੀਤ ਪਾਤਰ ਨੇ ਖ਼ੁਦ ਵੀ ਅਨੁਵਾਦ ਦਾ ਕੰਮ ਕੀਤਾ, ਉਨ੍ਹਾਂ ਨੇ ਫੈਡਰੀਸੀਓ ਗਰੇਸੀਆ ਲੌਰਕਾ ਦੇ ਤਿੰਨ ਦੁਖਾਂਤਕ, ਗਰੀਸ਼ ਕਰਨਾਡ ਦਾ ਨਾਟਕ ਨਾਗਮੰਡਲ ਅਤੇ ਬੇਰਤੋਲਤ ਬਰੈਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕੀਤਾ। ਮੌਜੂਦਾ ਸਮੇਂ ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਨ। ਸੁਰਜੀਤ ਪਾਤਰ ਅਕਸਰ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਰਹਿੰਦੇ ਸੀ। ਉਨ੍ਹਾਂ ਦੀਆਂ ਚਾਰ ਭੈਣਾਂ ਅਤੇ ਇਕ ਭਰਾ ਸੀ। ਸੁਰਜੀਤ ਪਾਤਰ ਬਹੁਤ ਹੀ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸੀ, ਉਹ ਕਿਸੇ ਨੂੰ ਵੀ ਮਿਲਦੇ ਤਾਂ ਇੰਝ ਲਗਦਾ ਸੀ ਕਿ ਜਿਵੇਂ ਉਸ ਨੂੰ ਕਈ ਵਰ੍ਹਿਆਂ ਤੋਂ ਜਾਣਦੇ ਹੋਣ।

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ, ਜੀ ਬਾਕੀ ਸਭ ਖ਼ੈਰ ਏ

ਇਹ ਕਵਿਤਾ ਸੁਰਜੀਤ ਪਾਤਰ ਨੇ ਆਪਣੇ ਪਰਿਵਾਰ ਨੂੰ ਯਾਦ ਕਰਦਿਆਂ ਲਿਖੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੇ ਘਰ, ਆਪਣੀ ਬੇਬੇ, ਬਾਪੂ ਅਤੇ ਭੈਣ ਭਰਾਵਾਂ ਅਤੇ ਪਿੰਡ ਦੇ ਮਾਹੌਲ ਤੱਕ ਦਾ ਜ਼ਿਕਰ ਕੀਤਾ ਸੀ। ਆਪਣੀ ਪੜ੍ਹਾਈ ਦੇ ਦਿਨਾਂ ਵਿਚ ਸੁਰਜੀਤ ਪਾਤਰ ਪੈਦਲ ਹੀ ਸ਼ਹਿਰ ਜਾਇਆ ਕਰਦੇ ਸੀ। ਸੁਰਜੀਤ ਪਾਤਰ ਨੇ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਨੂੰ ਵੱਖ ਵੱਖ ਦੌਰਾਂ ਵਿਚੋਂ ਗੁਜ਼ਰਦੇ ਦੇਖਿਆ ਅਤੇ ਉਸ ਮਾਹੌਲ ਨੂੰ ਆਪਣੀਆਂ ਰਚਨਾਵਾਂ ਵਿਚ ਉਤਾਰਿਆ। ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲਦੇ ਨੇ। ਕਿਸਾਨੀ ਅੰਦੋਲਨ ਦੌਰਾਨ ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣਾ ਪਦਮਸ੍ਰੀ ਦਾ ਸਨਮਾਨ ਵੀ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਵੀ ਉਨ੍ਹਾਂ ਨੇ ਇਕ ਕਵਿਤਾ ਲਿਖੀ ਸੀ, ਜਿਸ ਦੇ ਕੁੱਝ ਬੋਲ ਇਸ ਤਰ੍ਹਾਂ ਨੇ :

ਜਦੋਂ ਉਨ੍ਹਾਂ ਨੇ ਬੁੱਲ੍ਹੇ ਨੂੰ ਪੁੱਛਿਆ
ਬੁੱਲ੍ਹਾ ਕਹਿੰਦਾ ਕੀ ਜਾਣਾਂ ਮੈਂ ਕੌਣ
ਨਾ ਮੈਂ ਮੋਮਨ ਵਿਚ ਮਸੀਤਾਂ
ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ
ਨਾ ਮੈਂ ਪਾਕਾ ਵਿਚ ਪਲੀਤਾਂ
ਨਾ ਮੈਂ ਮੂਸਾ ਨਾ ਫਰਿਓਨ
ਬੁੱਲ੍ਹਿਆਂ ਕੀ ਜਾਣਾਂ ਮੈਂ ਕੌਣ

ਪੰਜਾਬ ਦੇ ਕਾਲੇ ਦਿਨਾਂ ਬਾਰੇ ਉਨ੍ਹਾਂ ਦੀ ਕਵਿਤਾ ‘ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਕਾਫ਼ੀ ਜ਼ਿਆਦਾ ਮਕਬੂਲ ਹੋਈ, ਜਿਸ ਨੂੰ ਬਾਅਦ ਵਿਚ ਪੰਜਾਬੀ ਗਾਇਕ ਹੰਸਰਾਜ ਹੰਸ ਵੱਲੋਂ ਗਾਇਆ ਗਿਆ। ਇਸੇ ਤਰ੍ਹਾਂ ਉਨ੍ਹਾਂ ਨੇ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਵੀ ਕਵਿਤਾ ਜ਼ਰੀਏ ਤਿੱਖੇ ਤੰਜ ਕੀਤੇ, ਇਹ ਕਵਿਤਾ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਈ।

ਇਸ ਅਦਾਲਤ ’ਚ ਬੰਦੇ ਬਿਰਖ਼ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ,,,

ਸੁਰਜੀਤ ਪਾਤਰ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ, ਜਿਨ੍ਹਾਂ ਵਿਚੋਂ ਹਵਾ ਵਿਚ ਲਿਖੇ ਹਰਫ਼, ਬਿਰਖ਼ ਅਰਜ਼ ਕਰੇ, ਹਨੇ੍ਹਰੇ ਵਿਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜੀਆਂ, ਅੱਗ ਦੇ ਕਲੀੜੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਨੇ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਕਵਿਤਾ ਦੇ ਇਤਿਹਾਸ ਬਾਰੇ ਕੁੱਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਸਕ੍ਰਿਪਟ ਵੀ ਲਿਖੀ।

ਸੁਰਜੀਤ ਪਾਤਰ ਨੇ ਉਨ੍ਹਾਂ ਦੇ ਜੀਵਨ ਕਾਲ ਦੌਰਾਨ ਅਨੇਕਾਂ ਪੁਰਸਕਾਰ ਮਿਲੇ, ਜਿਨ੍ਹਾਂ ਵਿਚ 1979 ਵਿਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, 1993 ਵਿਚ ਸਾਹਿਤ ਅਕਾਦਮੀ ਪੁਰਸਕਾਰ, 2010 ਵਿਚ ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਰੀ ਡੀ ਲਿਟ ਦੀ ਉਪਾਧੀ, 2012 ਵਿਚ ਪਦਮਸ੍ਰੀ ਪੁਰਸਕਾਰ, 2022 ਵਿਚ ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾ ਨੇ 1999 ਵਿਚ ਅਮਰੀਕਾ ਦੇ ਕੋਲੰਬੀਆ ਵਿਖੇ ਹੋਏ ਵਿਸ਼ਵ ਕਵਿਤਾ ਫੈਸਟੀਵਲ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਸਾਲ 2006 ਵਿਚ ਫਰੈਂਕਫਰਟ ਪੁਸਤਕ ਮੇਲੇ ਵਿਚ ਕਵੀ ਵਜੋਂ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਉਹ ਬ੍ਰਿਟੇਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਵਿਚ ਵੀ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਦੇ ਰਹੇ। ਸੁਰਜੀਤ ਪਾਤਰ ਦੀ ਇਹ ਗ਼ਜ਼ਲ ਉਨ੍ਹਾਂ ਦੇ ਵਿਛੋੜੇ ’ਤੇ ਪੂਰੀ ਤਰ੍ਹਾਂ ਢੁਕਦੀ ਐ :

ਅਸਾਂ ਵੀ ਅੰਤ ਕਿਰ ਕੇ ਖ਼ਾਕ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ
ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ।
ਮੇਰੇ ਨ੍ਹੇਰੇ ਤੇ ਤੇਰੀ ਰੌਸ਼ਨੀ ਦਾ ਹੈ ਮਨ ਵਿਚ
ਉਮਰ ਭਰ ਸੰਵਾਦ ਹੋਣਾ।
ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ।
ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ