ਸਰਬੱਤ ਦਾ ਭਲਾ ਟਰੱਸਟ ਨੇ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ 4 ਨੌਜਵਾਨਾਂ ਦੀ ਜਾਨ ਬਚਾਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ‘ਚ ਇਕ ਭਾਰਤੀ ਨੌਜਵਾਨ ਦੀ ਹੱਤਿਆ ਦੇ ਦੋਸ਼ ‘ਚ ਚਾਰ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਨੌਜਵਾਨ ਪਾਕਿਸਤਾਨੀ ਅਤੇ ਇੱਕ ਭਾਰਤੀ ਹੈ। ਟਰੱਸਟ ਦੇ ਮੁਖੀ ਡਾ.ਐਸ.ਪੀ.ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਚਾਰ ਨੌਜਵਾਨਾਂ ਦੀ ਸਜ਼ਾ ਮੁਆਫ਼ ਹੋਣ ਦੀ ਆਸ ਬੱਝੀ ਹੈ।
ਚਾਰ ਨੌਜਵਾਨਾਂ ਨੂੰ 2019 ਵਿੱਚ ਸ਼ਾਰਜਾਹ ਵਿੱਚ ਇੱਕ ਭਾਰਤੀ ਨੌਜਵਾਨ ਦੀ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਵਿੱਚ ਭਾਰਤ ਤੋਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਨਾਲ ਸਬੰਧਤ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਲ ਹਨ।
ਗੁਰਦਾਸਪੁਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਡਾ.ਐਸ.ਪੀ.ਓਬਰਾਏ ਨੇ ਇਸ ਮਾਮਲੇ ਨੂੰ ਅੱਗੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਦੋ ਸਾਲ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸ਼ਾਰਜਾਹ ਅਦਾਲਤ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਕਾਫੀ ਦੇਰ ਤੱਕ ਕਤਲ ਹੋਏ ਨੌਜਵਾਨ ਦੇ ਮਾਪਿਆਂ ਨਾਲ ਸੰਪਰਕ ਕਰਨ ਤੋਂ ਬਾਅਦ ਡਾ.ਐਸ.ਪੀ ਸਿੰਘ ਨੇ ਉਨ੍ਹਾਂ ਨੂੰ ਬਲੱਡ ਮਨੀ ਲਈ ਰਾਜ਼ੀ ਕਰ ਲਿਆ।
ਇਸ ਸਮਝੌਤੇ ਤੋਂ ਬਾਅਦ ਸ਼ਾਰਜਾਹ ਅਦਾਲਤ ਵਿੱਚ ਜੱਜਾਂ ਦੀ ਹਾਜ਼ਰੀ ਵਿੱਚ ਡਾਕਟਰ ਓਬਰਾਏ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭਰਾ ਨੂੰ ਬਲੱਡ ਮਨੀ ਵਜੋਂ 2 ਲੱਖ ਦਰਾਮ (ਲਗਭਗ 46 ਲੱਖ ਭਾਰਤੀ ਰੁਪਏ) ਸੌਂਪੇ। ਹੁਕਮਾਂ ਅਨੁਸਾਰ ਦੋਸ਼ੀ ਨੌਜਵਾਨ ਦੀ ਮੌਤ ਦੀ ਸਜ਼ਾ ਨੂੰ 5 ਹਿੱਸਿਆਂ ਵਿਚ ਵੰਡ ਕੇ ਮੁਆਫ ਕਰਨ ਲਈ ਮ੍ਰਿਤਕ ਦੇ ਪਰਿਵਾਰ ਤੋਂ ਮਨਜ਼ੂਰੀ ਲਈ ਗਈ ਸੀ।

ਇਸ ਮਾਮਲੇ ਸਬੰਧੀ ਡਾਕਟਰ ਓਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਹੁਣ ਅੰਤਿਮ ਫੈਸਲਾ ਦੇਣ ਲਈ ਅਗਲੀ ਸੁਣਵਾਈ 22 ਜਨਵਰੀ 2024 ਤੈਅ ਕੀਤੀ ਹੈ। ਉਸ ਦਿਨ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਦੀ ਪੂਰੀ ਸੰਭਾਵਨਾ ਹੈ। ਸ਼ਰੀਆ ਕਾਨੂੰਨ ਮੁਤਾਬਕ ਜੇ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਤੋਂ ਬਾਅਦ ਬਲੱਡ ਮਨੀ ਨੂੰ ਅਦਾਲਤ ‘ਚ ਜਮ੍ਹਾ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਸਮਝ ਲਓ ਕਿ ਮੌਤ ਦੀ ਸਜ਼ਾ ਜ਼ਰੂਰ ਮਾਫ ਹੋ ਜਾਵੇਗੀ।