ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੈਲੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਸਾਧਿਆ ਹੈ। ਨਿੱਕੀ ਹੈਲੀ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ 2024 ’ਚ ਚੋਣਾਂ ਜਿੱਤ ਜਾਂਦੇ ਹਨ ਤਾਂ ਦੇਸ਼ ’ਚ ਚਾਰ ਸਾਲ ਤਕ ਅਰਾਜਕਤਾ ਫੈਲ ਸਕਦੀ ਹੈ ਜੋ ਅਮਰੀਕਾ ਲਈ ਖ਼ਤਰਨਾਕ ਸਾਬਤ ਹੋਵੇਗਾ।
ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਕਪਤਾਨ ਦੀ ਲੋੜ ਹੈ ਜੋ ਇਸ ਨੂੰ ਸਥਿਰ ਰੱਖੇ ਅਤੇ ਇਸ ਨੂੰ ਡੁੱਬਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਇਹ ਗੱਲ ਲਾਸ ਵੇਗਾਸ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦਿਆਂ ਕਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਅਪਣੀਆਂ ਇਜ਼ਰਾਈਲ ਪੱਖੀ ਨੀਤੀਆਂ ਦਾ ਸਿਹਰਾ ਵੀ ਦਿਤਾ।
ਇਕ ਸਵਾਲ ਦੇ ਜਵਾਬ ’ਚ ਹੇਲੀ ਨੇ ਕਿਹਾ ਕਿ ਅਸੀਂ ਜ਼ਿੰਦਗੀ ਦੇ ਸੱਭ ਤੋਂ ਖ਼ਤਰਨਾਕ ਦੌਰ ’ਚੋਂ ਲੰਘ ਰਹੇ ਹਾਂ। ਇਜ਼ਰਾਈਲ-ਹਮਾਸ ਅਤੇ ਯੂਕਰੇਨ ਯੁੱਧ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਸੜ ਰਹੀ ਹੈ। ਮੇਰੇ ਲਈ ਜੰਗ ਨੂੰ ਰੋਕਣ, ਸ਼ਾਂਤੀ ਬਣਾਈ ਰੱਖਣ ਅਤੇ ਅਮਰੀਕੀ ਲੋਕਾਂ ਦੀ ਰਖਿਆ ਕਰਨ ਤੋਂ ਵੱਧ ਕੁੱਝ ਵੀ ਮਾਇਨੇ ਨਹੀਂ ਰਖਦਾ।

ਹੈਲੀ ਨੇ ਰਿਪਬਲਿਕਨ ਯਹੂਦੀ ਗਠਜੋੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਇਤਿਹਾਸ ਵਿਚ ਦਰਜ ਹੋਵੇਗਾ ਕਿ ਡੋਨਾਲਡ ਟਰੰਪ ਇਜ਼ਰਾਈਲ ਪੱਖੀ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦਾ ਈਰਾਨ ਸਮਝੌਤੇ ਤੋਂ ਬਾਹਰ ਨਿਕਲਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣਾ ਵੱਡੀ ਗ਼ਲਤੀ ਸੀ। ਮੈਂ ਰਾਸ਼ਟਰਪਤੀ ਟਰੰਪ ਨੂੰ ਕ੍ਰੈਡਿਟ ਦੇਣ ਵਿਚ ਖ਼ੁਸ਼ ਹਾਂ ਜਿਸ ਦੇ ਉਹ ਹੱਕਦਾਰ ਹਨ।

ਟਰੰਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਅਪਣੀ ਆਜ਼ਾਦੀ ਦੀ ਰਾਖੀ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਅਸੀਂ ਚਾਰ ਸਾਲਾਂ ਦੀ ਹਫ਼ੜਾ-ਦਫ਼ੜੀ, ਬਦਲਾਖੋਰੀ ਅਤੇ ਡਰਾਮਾ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਉਸ ਰਸਤੇ ’ਤੇ ਚੱਲਣ ਦੀ ਸਮਰਥਾ ਨਹੀਂ ਰੱਖ ਸਕਦੇ। ਸਾਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਇਹ ਵੀ ਜਾਣਦਾ ਹੋਵੇ ਕਿ ਚੀਜ਼ਾਂ ਨੂੰ ਕਿਵੇਂ ਸਹੀ ਕਰਨਾ ਹੈ।