ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਜਾਰੀ ਤਣਾਅ ਦੇ ਵਿਚਕਾਰ ਇੱਕ ਵਾਰ ਫਿਰ ਟੈਰਿਫ ਨੀਤੀ ਵਿੱਚ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਡੋਨਾਲਡ ਟਰੰਪ ਨੇ ਹੁਣ ਕਿਹਾ ਕਿ ਅਮਰੀਕਾ ਅਗਲੇ ਹਫ਼ਤੇ ਯੂਰਪੀ ਸੰਘ (EU) ਤੋਂ ਦਰਾਮਦ ਹੋਣ ਵਾਲੀਆਂ ਕਾਰਾਂ ਅਤੇ ਟਰੱਕਾਂ ‘ਤੇ ਟੈਰਿਫ ਵਧਾ ਕੇ 25 ਫੀਸਦੀ ਕਰ ਦੇਵੇਗਾ।

ਇਸ ਕਦਮ ਨਾਲ ਵਿਸ਼ਵ ਅਰਥਵਿਵਸਥਾ ‘ਤੇ ਬੁਰਾ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਯੂਰਪੀ ਸੰਘ ‘ਸਾਡੇ ਸਹਿਮਤ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ ਹੈ’। ਹਾਲਾਂਕਿ, ਉਨ੍ਹਾਂ ਨੇ ਆਪਣੇ ਦੋਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਜੇਕਰ ਯੂਰਪੀਅਨ ਕੰਪਨੀਆਂ ਅਮਰੀਕਾ ਵਿੱਚ ਹੀ ਕਾਰਾਂ ਅਤੇ ਟਰੱਕ ਬਣਾਉਣਗੀਆਂ, ਤਾਂ ਉਨ੍ਹਾਂ ‘ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

ਟਰੰਪ ਦੇ ਅਨੁਸਾਰ, ਇਸ ਸਮੇਂ ਅਮਰੀਕਾ ਵਿੱਚ ਕਈ ਨਵੀਆਂ ਆਟੋਮੋਬਾਈਲ ਅਤੇ ਟਰੱਕ ਫੈਕਟਰੀਆਂ ਬਣ ਰਹੀਆਂ ਹਨ, ਜਿਨ੍ਹਾਂ ਵਿੱਚ 100 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਹੋ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦਾ ਨਿਵੇਸ਼ ਅਤੇ ਵਿਕਾਸ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਨ੍ਹਾਂ ਫੈਕਟਰੀਆਂ ਵਿੱਚ ਅਮਰੀਕੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਮੰਨਿਆ ਜਾ ਰਿਹਾ ਹੈ ਟਰੰਪ ਦੇ ਨਵੇਂ ਫੈਸਲੇ ਨਾਲ ਯੂਰਪ, ਖਾਸ ਕਰਕੇ ਜਰਮਨੀ ਅਤੇ ਫਰਾਂਸ ਵਰਗੇ ਦੇਸ਼ਾਂ ਦੀ ਆਰਥਿਕਤਾ ਵਿੱਚ ਆਟੋਮੋਬਾਈਲ ਸੈਕਟਰ ਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਟੈਰਿਫ ਵਧਣ ਨਾਲ ਯੂਰਪੀਅਨ ਗੱਡੀਆਂ ਅਮਰੀਕੀ ਬਾਜ਼ਾਰ ਵਿੱਚ ਮਹਿੰਗੀਆਂ ਹੋ ਜਾਣਗੀਆਂ, ਜਿਸ ਨਾਲ ਉਨ੍ਹਾਂ ਦੀ ਮੰਗ ਘਟ ਸਕਦੀ ਹੈ। ਇਸ ਦਾ ਸਿੱਧਾ ਅਸਰ ਕੰਪਨੀਆਂ ਦੇ ਮੁਨਾਫੇ ਅਤੇ ਉਤਪਾਦਨ ‘ਤੇ ਪਵੇਗਾ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਜੇਕਰ ਬਰਾਮਦ ਘਟਦੀ ਹੈ ਤਾਂ ਯੂਰਪੀਅਨ ਕੰਪਨੀਆਂ ਉਤਪਾਦਨ ਘਟਾ ਸਕਦੀਆਂ ਹਨ, ਜਿਸ ਨਾਲ ਨੌਕਰੀਆਂ ‘ਤੇ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਬਰਾਮਦ ਵਿੱਚ ਗਿਰਾਵਟ ਨਾਲ ਯੂਰਪ ਦੀ ਆਰਥਿਕ ਵਿਕਾਸ ਦਰ ਵੀ ਸੁਸਤ ਹੋ ਸਕਦੀ ਹੈ।