ਔਟਵਾ : ਕੈਨੇਡਾ ਦੀ ਪਾਰਲੀਮੈਂਟ ਹਿਲ ’ਤੇ ਦਿਵਾਲੀ ਅਤੇ ਬੰਦੀ ਛੋੜ ਦਿਹਾੜਾ ਮਨਾਉਂਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਟਰੂਡੋ ਨੇ ਕਿਹਾ, ‘‘ਕੁਝ ਦਿਨ ਬਾਅਦ ਕੈਨੇਡਾ ਸਣੇ ਦੁਨੀਆਂ ਦੇ ਕੋਨੇ ਕੋਨੇ ਵਿਚ ਦਿਵਾਲੀ ਅਤੇ ਬੰਦੀ ਛੋੜ ਦਿਹਾੜਾ ਮਨਾਏ ਜਾਣਗੇ। ਦੋਵੇਂ ਤਿਉਹਾਰ ਹਨੇਰੇ ਉਪਰ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹਨ ਅਤੇ ਸਭਨਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਦੀ ਵਧਾਈ ਹੋਵੇ।

’’ ਪਾਰਲੀਮੈਂਟ ਹਿਲ ’ਤੇ ਸਮਾਗਮ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਐਮ.ਪੀਜ਼ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਕੈਬਨਿਟ ਮੰਤਰੀ ਅਨੀਤਾ ਆਨੰਦ, ਬਰੈਂਪਟਨ ਤੋਂ ਐਮ.ਪੀ. ਕਮਲ ਖਹਿਰਾ, ਮਨਿੰਦਰ ਸਿੱਧੂ, ਸਰੀ ਤੋਂ ਰਣਦੀਪ ਸਿੰਘ ਸਰਾਏ ਅਤੇ ਚੰਦਰਸ਼ੇਖਰ ਆਰਿਆ ਦੇ ਨਾਂ ਪ੍ਰਮੁੱਖ ਤੌਰ ’ਤੇ ਲਾਏ ਜਾ ਸਕਦੇ ਹਨ।

ਭਾਰਤ ਦੇ ਕਰਨਾਟਕ ਸੂਬੇ ਨਾਲ ਸਬੰਧਤ ਚੰਦਰਸ਼ੇਖਰ ਆਰਿਆ ਨੇ ਕਿਹਾ ਕਿ ਪਾਰਲੀਮੈਂਟ ਹਿਲ ’ਤੇ ਦਿਵਾਲੀ ਦੀ ਮੇਜ਼ਬਾਨੀ ਕਰਦਿਆਂ ਬਹੁਤ ਚੰਗਾ ਲੱਗਾ। ਇਸ ਮੌਕੇ ਹਿੰਦੂ ਧਰਮ ਦਾ ਝੰਡਾ ਵੀ ਝੁਲਾਇਆ ਗਿਆ ਅਤੇ ਔਟਵਾ ਤੋਂ ਇਲਾਵਾ ਗਰੇਟਰ ਟੋਰਾਂਟੋ ਏਰੀਆ, ਮੌਂਟਰੀਅਲ ਤੇ ਸਰੀ ਸਣੇ ਵੱਖ ਵੱਖ ਸ਼ਹਿਰਾਂ ਤੋਂ ਲੋਕ ਪੁੱਜੇ ਹੋਏ ਸਨ। ਇਸ ਵਾਰ ਦਿਵਾਲੀ ਦਾ ਤਿਉਹਰ ਹਿੰਦੂ ਵਿਰਾਸਤੀ ਮਹੀਨੇ ਦੌਰਾਨ ਆਇਆ ਹੈ ਅਤੇ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦਾ ਦਿਲੋਂ ਸ਼ੁਕਰੀਆ।

ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਦਿਵਾਲੀ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਮੁਬਾਰਕਬਾਦ ਦਿਤੀ। ਦੱਸ ਦੇਈਏ ਕਿ ਭਾਰਤ ਨਾਲ ਕੂਟਨੀਤਕ ਵਿਵਾਦ ਦੇ ਚਲਦਿਆਂ ਇਸ ਵਾਰ ਸਰਕਾਰੀ ਪੱਧਰ ’ਤੇ ਮਨਾਏ ਜਾਣ ਵਾਲੇ ਦਿਵਾਲੀ ਦੇ ਤਿਉਹਾਰ ’ਤੇ ਵੀ ਇਸ ਦਾ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਪਰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੇ ਉਤਸ਼ਾਹ ਨਾਲ ਸਮਾਗਮਾਂ ਵਿਚ ਸ਼ਿਰਕਤ ਕੀਤੀ।