ਵਿਨੀਪੈਗ: ਕੈਨੇਡਾ ਦੇ ਵਿਨੀਪੈਗ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਸ਼ਰਧਾ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਮੈਨੀਟੋਬਾ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਖ਼ਾਸ ਗੱਲ ਇਹ ਰਹੀ ਕਿ ਸ਼ਹਿਰ ਵਿੱਚ ਨਫ਼ਰਤੀ ਗ੍ਰਾਫ਼ਿਟੀ ਅਤੇ ਸਮਾਗਮ ਨੂੰ ਲੈ ਕੇ ਮਿਲੀਆਂ ਧਮਕੀਆਂ ਦੇ ਬਾਵਜੂਦ ਸੰਗਤਾਂ ਦਾ ਹੌਸਲਾ ਕਾਇਮ ਰਿਹਾ।
ਧਮਕੀਆਂ ਦੇ ਮਾਹੌਲ ’ਚ ਹੋਇਆ ਸਮਾਗਮ
ਵਿਨੀਪੈਗ ਪੁਲੀਸ ਮੁਤਾਬਕ 4 ਸਤੰਬਰ ਨੂੰ ਸ਼ਹਿਰ ਦੇ ਕਈ ਟਰਾਂਜ਼ਿਟ ਬੋਰਡਾਂ ’ਤੇ ਸਵਾਸਤਿਕਾ ਸਮੇਤ ਨਫ਼ਰਤੀ ਚਿੰਨ੍ਹਾਂ ਵਾਲੀ ਗ੍ਰਾਫ਼ਿਟੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਐਤਵਾਰ ਨੂੰ ਹੋਣ ਵਾਲੇ ਨਗਰ ਕੀਰਤਨ ਸਬੰਧੀ ਵੀ ਧਮਕੀਆਂ ਸਾਹਮਣੇ ਆਈਆਂ ਸਨ।
ਪੁਲੀਸ ਨੇ ਇਸ ਮਾਮਲੇ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਮੰਨਦਿਆਂ ਜਾਂਚ ਮੇਜਰ ਕ੍ਰਾਈਮ ਯੂਨਿਟ ਦੇ ਹੇਟ ਕਰਾਈਮ ਕੋਆਰਡੀਨੇਟਰਾਂ ਨੂੰ ਸੌਂਪੀ ਹੈ।
ਇਨ੍ਹਾਂ ਘਟਨਾਵਾਂ ਦੇ ਬਾਵਜੂਦ ਨਗਰ ਕੀਰਤਨ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਦਾ ਇਕੱਠ ਸਿੱਖ ਭਾਈਚਾਰੇ ਦੀ ਏਕਤਾ ਅਤੇ ਹੌਸਲੇ ਦਾ ਪ੍ਰਗਟਾਵਾ ਬਣਿਆ। ਲੈਜਿਸਲੇਟਿਵ ਬਿਲਡਿੰਗ ਦੇ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ।
ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸ਼ੁਰੂ ਹੋਇਆ। ਸੁੰਦਰ ਢੰਗ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਸੰਗਤ ਵਾਹਿਗੁਰੂ ਦਾ ਜਾਪ ਕਰਦੀ ਹੋਈ ਅੱਗੇ ਵਧੀ।
ਗੁਰਬਾਣੀ ਕੀਰਤਨ ਤੇ ਗਤਕੇ ਨੇ ਬੰਨ੍ਹਿਆ ਰੰਗ
ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂ ਜੱਸ ਕੀਤਾ, ਜਦਕਿ ਢਾਡੀ ਜਥਿਆਂ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ। ਮੈਨੀਟੋਬਾ ਦੇ ਵੱਖ-ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ।
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੇ ਸਮਾਗਮ ਵਿੱਚ ਸੇਵਾ ਕੀਤੀ। ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਨੇ ਵਿਨੀਪੈਗ ਦੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ।
ਗੈਰ-ਸਿੱਖ ਭਾਈਚਾਰੇ ਨੇ ਵੀ ਦਿੱਤਾ ਸਹਿਯੋਗ
ਨਗਰ ਕੀਰਤਨ ਵਿੱਚ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਚੋਣਾਂ ਦੇ ਮਾਹੌਲ ਵਿਚਾਲੇ ਵੱਖ-ਵੱਖ ਸਿਆਸੀ ਆਗੂ ਵੀ ਸਮਾਗਮ ਵਿੱਚ ਪਹੁੰਚੇ ਅਤੇ ਇਸ ਨੂੰ ਵਿਭਿੰਨਤਾ, ਸਾਂਝ ਅਤੇ ਭਾਈਚਾਰਕ ਏਕਤਾ ਦੀ ਮਿਸਾਲ ਦੱਸਿਆ।
ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਪ੍ਰਧਾਨ ਨੇ ਕਿਹਾ ਕਿ ਸੰਗਤ ਦੀ ਵੱਡੀ ਹਾਜ਼ਰੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖ ਧਰਮ ਪ੍ਰਤੀ ਡੂੰਘੀ ਆਸਥਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਵੱਸਦਾ ਸਿੱਖ ਭਾਈਚਾਰਾ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ ਸੇਵਾ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇ ਰਿਹਾ ਹੈ।
23ਵਾਂ ਮਹਾਨ ਨਗਰ ਕੀਰਤਨ ਨਵੀਂ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਵਿਨੀਪੈਗ ਵਿੱਚ ਸਿੱਖ ਭਾਈਚਾਰੇ ਦੀ ਏਕਤਾ, ਆਸਥਾ ਅਤੇ ਸੇਵਾ-ਭਾਵਨਾ ਦਾ ਪ੍ਰਗਟਾਵਾ ਬਣਿਆ।














