ਨਵੀ ਦਿੱਲੀ : ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਲਗਾਤਾਰ ਦੂਜੇ ਮੈਚ ਵਿੱਚ ਗਲਤੀ ਕਰਦੇ ਹੋਏ ਪਾਏ ਗਏ ਹਨ ਅਤੇ ਉਨ੍ਹਾਂ ‘ਤੇ ਬੀ.ਸੀ.ਸੀ.ਆਈ. ਦੀ ਗਾਜ ਡਿੱਗੀ ਹੈ। ਪੰਜਾਬ ਦੀ ਟੀਮ ਨੇ ਭਾਵੇਂ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਆਪਣਾ ਮੈਚ ਜਿੱਤ ਲਿਆ ਹੋਵੇ, ਪਰ ਕਪਤਾਨ ਸ਼੍ਰੇਅਸ ਸਮੇਤ ਪੂਰੀ ਟੀਮ ‘ਤੇ ਬੀ.ਸੀ.ਸੀ.ਆਈ. ਨੇ ਜ਼ੁਰਮਾਨਾ ਲਗਾਇਆ ਹੈ।
ਸ਼੍ਰੇਅਸ ਨੂੰ ਲਗਾਤਾਰ ਦੂਜੀ ਵਾਰ ਸਲੋਅ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੁਜਰਾਤ ਟਾਈਟਨਸ ਵਿਰੁੱਧ ਵੀ ਪੰਜਾਬ ਦੇ ਕਪਤਾਨ ‘ਤੇ ਸਲੋਅ ਓਵਰ ਰੇਟ ਲਈ 12 ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਸੀ।
ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਨੇ ਚੇਨਈ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਜ਼ਰੂਰ ਦਰਜ ਕੀਤੀ, ਪਰ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ। ਚੇਨਈ ਦੀ ਪਾਰੀ ਦੌਰਾਨ ਸ਼੍ਰੇਅਸ ਦੀ ਕਪਤਾਨੀ ਵਿੱਚ ਪੰਜਾਬ ਕਿੰਗਜ਼ ਦੀ ਟੀਮ ਮਿੱਥੇ ਸਮੇਂ ਵਿੱਚ ਆਪਣੇ ਓਵਰ ਪੂਰੇ ਨਹੀਂ ਕਰ ਸਕੀ।
ਇਹ ਇਸ ਸੀਜ਼ਨ ਵਿੱਚ ਉਨ੍ਹਾਂ ਦਾ ਦੂਜਾ ਸਲੋਅ ਓਵਰ-ਰੇਟ ਦਾ ਮਾਮਲਾ ਸੀ। ਲਗਾਤਾਰ ਦੂਜੀ ਗਲਤੀ ਕਾਰਨ ਇਸ ਵਾਰ ਸਜ਼ਾ ਹੋਰ ਸਖ਼ਤ ਹੋ ਗਈ ਹੈ। ਇਸ ਮੈਚ ਵਿੱਚ ਸਲੋਅ ਓਵਰ ਰੇਟ ਦੀ ਵਜ੍ਹਾ ਕਰਕੇ ਕਪਤਾਨ ਸ਼੍ਰੇਅਸ ਅਈਅਰ ‘ਤੇ ₹24 ਲੱਖ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਨਿਯਮਾਂ ਦੇ ਮੁਤਾਬਕ, ਜੇਕਰ ਸ਼੍ਰੇਅਸ ਅਈਅਰ ਅਤੇ ਉਨ੍ਹਾਂ ਦੀ ਟੀਮ ਪੰਜਾਬ ਵੱਲੋਂ ਇਸ ਸੀਜ਼ਨ ਵਿੱਚ ਤੀਜੀ ਵਾਰ ਸਲੋਅ ਓਵਰ ਰੇਟ ਦੀ ਗਲਤੀ ਹੋਈ, ਤਾਂ ਕਪਤਾਨ ‘ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।
ਉੱਥੇ ਹੀ, ਇਮਪੈਕਟ ਪਲੇਅਰ ਸਮੇਤ ਪਲੇਇੰਗ ਇਲੈਵਨ ਦੇ ਹੋਰ ਖਿਡਾਰੀਆਂ ‘ਤੇ 12-12 ਲੱਖ ਰੁਪਏ ਜਾਂ ਮੈਚ ਫੀਸ ਦਾ 50 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਜਾਵੇਗਾ। ਕਪਤਾਨ ‘ਤੇ ਬੈਨ ਲਗਾਉਣ ਦੀ ਵਿਵਸਥਾ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪਹਿਲਾਂ, ਸਲੋਅ ਓਵਰ-ਰੇਟ ਦੇ ਅਪਰਾਧ ਲਈ ਤੀਜੀ ਵਾਰ ਪਾਬੰਦੀ ਲਗਾਈ ਜਾਂਦੀ ਸੀ। ਉਸ ਸਮੇਂ, ਕਪਤਾਨ ਨੂੰ ਇੱਕ ਮੈਚ ਲਈ ਬੈਨ ਕੀਤਾ ਜਾ ਸਕਦਾ ਸੀ, ਪਰ ਹੁਣ ਇਹ ਨਿਯਮ ਖਤਮ ਕਰ ਦਿੱਤਾ ਗਿਆ ਹੈ।














