ਕੈਨੇਡਾ: ਕੈਨੇਡਾ ਵੱਲੋਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਤੇਜ਼ ਕਰ ਦਿਤਾ ਗਿਆ ਹੈ ਅਤੇ ਪਿਛਲੇ ਦੋ ਸਾਲ ਵਿਚ 29 ਹਜ਼ਾਰ ਦਾ ਬੋਰੀ-ਬਿਸਤਰਾ ਗੋਲ ਕੀਤਾ ਜਾ ਚੁੱਕਾ ਹੈ। ਪ੍ਰਵਾਸੀਆਂ ਨੂੰ ਕੈਨੇਡਾ ਵਿਚੋਂ ਕੱਢਣ ’ਤੇ ਲਿਬਰਲ ਸਰਕਾਰ ਵੱਲੋਂ 2023 ਵਿਚ 62 ਮਿਲੀਅਨ ਡਾਲਰ ਖਰਚ ਕੀਤੇ ਗਏ ਅਤੇ ਦੇਸ਼ ਨਿਕਾਲੇ ਦੀ ਰਫ਼ਤਾਰ ਪਿਛਲੇ ਇਕ ਦਹਾਕੇ ਦੇ ਸਿਖਰਲੇ ਪੱਧਰ ’ਤੇ ਪੁੱਜ ਗਈ। ਸਟੀਫਨ ਹਾਰਪਰ ਦੀ ਅਗਵਾਈ ਵਾਲੀ ਟੋਰੀ ਸਰਕਾਰ ਵੇਲੇ ਇਕ ਸਾਲ ਵਿਚ ਤਕਰੀਬਨ 19 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਮੌਜੂਦਾ ਟਰੂਡੋ ਸਰਕਾਰ ਇਸ ਅੰਕੜੇ ਦੇ ਨੇੜੇ ਪੁੱਜਦੀ ਮਹਿਸੂਸ ਹੋ ਰਹੀ ਹੈ।
‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ 2023-24 ਦੌਰਾਨ 16,205 ਗੈਕਰਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜੋ ਲਿਬਰਲ ਸਰਕਾਰ ਵੱਲੋਂ ਕੀਤੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। 2015 ਵਿਚ ਸੱਤਾ ਸੰਭਾਲਣ ਮਗਰੋਂ ਜਸਟਿਨ ਟਰੂਡੋ ਦੀ ਸਰਕਾਰ ਤਕਰੀਬਨ 92 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੀ ਹੈ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਹਜ਼ਾਰਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲਿਆਂ ਵਿਚੋਂ ਕੁਝ ਚਰਚਾ ਦਾ ਕੇਂਦਰ ਬਣੇ ਜਿਨ੍ਹਾਂ ਵਿਚੋਂ ਭਾਰਤ ਦੇ ਤਰੁਣ ਗੋਦਾਰਾ ਨੂੰ ਕੈਨੇਡਾ ਵਿਚੋਂ ਕੱਢਣ ਦੇ ਹੁਕਮਾਂ ਦਾ ਮਾਮਲਾ ਇਕ ਹੈ।