ਨਵੀ ਦਿੱਲੀ :ਪਿਛਲੇ 20 ਦਿਨਾਂ ਤੋਂ ਜੰਤਰ-ਮੰਤਰ ‘ਤੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਪੁਲਿਸ ਨੇ ਇਲਾਜ ਲਈ ਸਫਦਰਜੰਗ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਹੈ। ਪੁਲਿਸ ਨੇ ਜੰਤਰ-ਮੰਤਰ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਅਤੇ ਵਾਂਗਚੁਕ ਨੂੰ ਸਿੱਧਾ ਹਸਪਤਾਲ ਲੈ ਗਈ।
ਸੋਨਮ ਵਾਂਗਚੁਕ ਨੂੰ ਹਸਪਤਾਲ ਲੈ ਜਾਣ ‘ਤੇ ਦਿੱਲੀ ਪੁਲਿਸ ਦਾ ਬਿਆਨ ਵੀ ਆਇਆ ਹੈ। ਦਿੱਲੀ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਸੋਨਮ ਵਾਂਗਚੁਕ ਦੀ ਤਬੀਅਤ ਲਗਾਤਾਰ ਵਿਗੜ ਰਹੀ ਸੀ। ਉਨ੍ਹਾਂ ਦਾ ਵਜ਼ਨ ਵੀ 9 ਕਿਲੋ ਤੋਂ ਜ਼ਿਆਦਾ ਘਟ ਗਿਆ ਸੀ।
ਡੀਸੀਪੀ ਨਵੀਂ ਦਿੱਲੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕੀਤਾ ਗਿਆ ਕਿ ‘ਹਾਈ ਕੋਰਟ ਦੇ ਹੁਕਮਾਂ ਅਤੇ ਮੈਡੀਕਲ ਮਾਹਰਾਂ ਦੀ ਸਲਾਹ ਅਨੁਸਾਰ, ਸੋਨਮ ਵਾਂਗਚੁਕ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਮੈਡੀਕਲ ਦੇਖਭਾਲ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਸਮੇਂ ਪ੍ਰਦਰਸ਼ਨਕਾਰੀਆਂ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਥੋੜ੍ਹੀ ਹਫੜਾ ਦਫੜੀ ਮਚੀ; ਹਾਲਾਂਕਿ, ਪੁਲਿਸ ਨੇ ਸੰਜਮ ਵਰਤਦੇ ਹੋਏ ਪੂਰੀ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਪੂਰਾ ਕਰ ਲਿਆ।’
ਦੱਸ ਦਈਏ ਕਿ ਬੀਤੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਭੁੱਖ ਹੜਤਾਲ ਦੌਰਾਨ ਸੋਨਮ ਵਾਂਗਚੁਕ ਦੀ ਮੈਡੀਕਲ ਹਾਲਤ ਦੀ ਰੋਜ਼ਾਨਾ ਕਲੀਨਿਕਲ ਨਿਗਰਾਨੀ ਕੀਤੀ ਜਾਵੇ। ਹਾਈ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਸਰਕਾਰੀ ਡਾਕਟਰਾਂ ਦੀ ਰਾਇ ਦੇ ਆਧਾਰ ‘ਤੇ ਲੋੜ ਪੈਣ ‘ਤੇ ਕੋਈ ਵੀ ਮੈਡੀਕਲ ਮਦਦ ਦਿੱਤੀ ਜਾਵੇ। ਇਹ ਨਿਰਦੇਸ਼ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਡਿਵੀਜ਼ਨ ਬੈਂਚ ਨੇ ਸੋਨਮ ਵਾਂਗਚੁਕ ਦੀ ਵਿਗੜਦੀ ਸਿਹਤ ‘ਤੇ ਚਿੰਤਾ ਪ੍ਰਗਟਾਉਣ ਵਾਲੀ ਇੱਕ ਜਨਹਿਤ ਪਟੀਸ਼ਨ (PIL) ਦਾ ਨਿਪਟਾਰਾ ਕਰਦੇ ਹੋਏ ਦਿੱਤੇ ਸਨ।
ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਜੰਤਰ-ਮੰਤਰ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਹੈ। ਉੱਥੋਂ ਬੈਨਰ ਅਤੇ ਪੋਸਟਰ ਵੀ ਹਟਾ ਦਿੱਤੇ ਗਏ ਹਨ। ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਦਿੱਲੀ ਪੁਲਿਸ ਨੇ ਅਭਿਜੀਤ ਦਿਪਕੇ ਨੂੰ ਉਸੇ ਜਗ੍ਹਾ ‘ਤੇ ਰੋਕ ਲਿਆ ਹੈ, ਜਿੱਥੇ ਉਹ ਠਹਿਰੇ ਹੋਏ ਸਨ।














