ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਜੇਕਰ ਦਿੱਲੀ ਦੇ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜਿਆ ਜਾਂਦਾ ਹੈ ਤਾਂ ਉਹ ਸਰਕਾਰ ਚਲਾਉਣ ਲਈ ਉਨ੍ਹਾਂ ਦਾ ਦਫਤਰ ਸਥਾਪਤ ਕਰਨ ਲਈ ਅਦਾਲਤ ਤੋਂ ਇਜਾਜ਼ਤ ਮੰਗਣਗੇ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ’ਚ ਕੇਜਰੀਵਾਲ ਦੀ ਥਾਂ ਕੋਈ ਨਹੀਂ ਲੈ ਸਕਦਾ।
ਇਹ ਪੁੱਛੇ ਜਾਣ ’ਤੇ ਕਿ ਜੇ ਕੇਜਰੀਵਾਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਜਾਂਦਾ ਹੈ ਤਾਂ ਉਹ ਅਪਣੀ ਸਰਕਾਰ ਕਿਵੇਂ ਚਲਾਉਣਗੇ, ਭਗਵੰਤ ਮਾਨ ਨੇ ਕਿਹਾ, ‘‘ਇਹ ਕਿਤੇ ਵੀ ਨਹੀਂ ਲਿਖਿਆ ਹੈ ਕਿ ਸਰਕਾਰ ਜੇਲ੍ਹ ਤੋਂ ਨਹੀਂ ਚਲਾਈ ਜਾ ਸਕਦੀ।’’ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਕੀਤੇ ਗਏ ਕੇਜਰੀਵਾਲ ਨੂੰ ਅਦਾਲਤ ਨੇ 28 ਮਾਰਚ ਤਕ ਈ.ਡੀ. ਦੀ ਹਿਰਾਸਤ ’ਚ ਭੇਜ ਦਿਤਾ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਮਾਨ ਨੇ ਕਿਹਾ, ‘‘ਕਾਨੂੰਨ ਕਹਿੰਦਾ ਹੈ ਕਿ ਉਹ ਦੋਸ਼ੀ ਪਾਏ ਜਾਣ ਤਕ ਜੇਲ੍ਹ ਤੋਂ ਕੰਮ ਕਰ ਸਕਦਾ ਹੈ। ਅਸੀਂ ਜੇਲ੍ਹ ’ਚ ਦਫਤਰ ਸਥਾਪਤ ਕਰਨ ਲਈ ਸੁਪਰੀਮ ਕੋਰਟ, ਹਾਈ ਕੋਰਟ ਤੋਂ ਇਜਾਜ਼ਤ ਮੰਗਾਂਗੇ ਅਤੇ ਸਰਕਾਰ ਕੰਮ ਕਰੇਗੀ।’’
ਉਨ੍ਹਾਂ ਕਿਹਾ ਕਿ ‘ਆਪ’ ਵਿਚ ਕੇਜਰੀਵਾਲ ਦੀ ਥਾਂ ਕੋਈ ਨਹੀਂ ਲੈ ਸਕਦਾ ਕਿਉਂਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪਾਰਟੀ ਬਣਾਈ ਸੀ ਅਤੇ ਉਹ ਇਸ ਦੇ ਸੀਨੀਅਰ ਸੰਸਥਾਪਕ ਮੈਂਬਰ ਹਨ।