ਕੈਨੇਡਾ ਦੀ ਧਰਤੀ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਤਿੰਦਰ ਸਿੰਘ (23) ਪੁੱਤਰ ਦਲਬੀਰ ਸਿੰਘ ਵਾਸੀ ਗੁਰਦਾਸਪੁਰ ਦੇ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਸ਼ੇਖ ਮੀਰ ਵਜੋਂ ਹੋਈ ਹੈ। ਇਸ ਘਟਨਾ ਕਾਰਨ ਵਿਧਵਾ ਮਾਂ ’ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਸਤਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਤੇਜਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਤਿੰਦਰ ਸਿੰਘ ਇਕ ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜ਼ੀ-ਰੋਟੀ ਲਈ ਵਿੰਡਸਰ, ਓਨਟਾਰੀਓ, ਕੈਨੇਡਾ ਗਿਆ ਸੀ। ਸਤਿੰਦਰ ਸਿੰਘ ਹਰ ਰੋਜ਼ ਸਵੇਰੇ ਆਪਣੀ ਮਾਂ ਨੂੰ ਫੋਨ ਕਰਦਾ ਸੀ ਅਤੇ ਐਤਵਾਰ ਨੂੰ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਰਬਜੀਤ ਕੌਰ ਨੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਫੋਨ ‘ਤੇ ਦੱਸਿਆ ਕਿ ਸਤਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਤੇਜਬੀਰ ਨੇ ਦੱਸਿਆ ਕਿ ਉਸ ਦਾ ਭਰਾ ਗੁਰਦਾਸ ਮਾਡਰਨ ਸੀਨੀਅਰ ਸਕੂਲ ਲੱਖਣਕਲਾਂ ਤੋਂ ਕੰਪਿਊਟਰ ਡਿਪਲੋਮਾ ਕਰ ਕੇ ਕੈਨੇਡਾ ਚਲਾ ਗਿਆ ਸੀ। ਮ੍ਰਿਤਕ ਸਤਿੰਦਰ ਸਿੰਘ ਦੇ ਪਿਤਾ ਦੀ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੀ ਮਦਦ ਨਾਲ ਪੜ੍ਹਾਈ ਕਰ ਰਿਹਾ ਸੀ। ਸਤਿੰਦਰ ਸਿੰਘ ਕੋਲ ਸਿਰਫ਼ ਇੱਕ ਏਕੜ ਜ਼ਮੀਨ ਸੀ ਅਤੇ ਉਹ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਵਿੱਚ ਮਦਦ ਦੀ ਅਪੀਲ ਕੀਤੀ ਹੈ।