ਕੈਨੇਡਾ ਦੀ ਧਰਤੀ ‘ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਿਆਨਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬਰਨਾਲਾ ਦੇ ਭਦੌੜ ਇਲਾਕੇ ਦੇ ਰਹਿਣ ਵਾਲੇ 24 ਸਾਲਾਂ ਸੁਖਚੈਨ ਸਿੰਘ ਵਜੋਂ ਹੋਈ ਹੈ। 3 ਸਾਲ ਪਹਿਲਾਂ ਸੁਖਚੈਨ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ‘ਤੇ ਉਥੇ ਰਹਿ ਰਿਹਾ ਸੀ।
ਪਤਾ ਲੱਗਾ ਹੈ ਕਿ ਜਦੋਂ ਉਹ ਆਪਣੀ ਕਾਰ ਵਿੱਚ ਕੈਲੋਨਾ ਤੋਂ ਸਰੀ ਸ਼ਹਿਰ ਵੱਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁੱਤ ਦੇ ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨੌਜਵਾਨ ਆਪਣੇ ਪਿੱਛੇ ਇੱਕ ਭਰਾ, ਦੋ ਭੈਣਾਂ ਅਤੇ ਮਾਤਾ-ਪਿਤਾ ਛੱਡ ਗਿਆ ਹੈ। ਸੁਖਚੈਨ ਨੇ 2 ਅਪ੍ਰੈਲ ਨੂੰ ਆਪਣਾ ਜਨਮ ਦਿਨ ਮਨਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਸੁਖਚੈਨ ਦੇ ਪਰਿਵਾਰ ਨਾਲ ਪੂਰੇ ਪਿੰਡ ਵਿੱਚ ਵੀ ਇਸ ਖਬਰ ਨਾਲ ਸੋਗ ਫੈਲ ਗਿਾ। ਪਰਿਵਾਰ ਸੁਖਚੈਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂਜੋ ਪੂਰੇ ਰੀਤੀ-ਰਿਵਾਜਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।