ਫਰੀਦਕੋਟ ਦੀ ਰਹਿਣ ਵਾਲੀ ਨਵਨੀਤ ਕੌਰ ਦੇ ਮਾਪਿਆਂ ਦੇ ਪੈਰਾਂ ਹੋਠੋਂ ਉਸ ਵੇਲੇ ਜ਼ਮੀਨ ਖਿਸਕ ਗਈ, ਜਦੋਂ ਉਨ੍ਹਾਂ ਵੱਲੋਂ ਚਾਵਾਂ ਨਾਲ ਕੈਨੇਡਾ ਭੇਜੀ ਧੀ ਦੀ ਮੌਤ ਦੀ ਖਬਰ ਆਈ। ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਦਾ ਵਿਆਹ ਅਕਤੂਬਰ ‘ਚ ਹੋਇਆ ਸੀ ਤੇ ਦਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਕੈਨੇਡਾ ਗਈ ਸੀ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨਾਲ ਫੋਨ ‘ਤੇ ਗਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਅਚਾਨਕ ਫ਼ੋਨ ‘ਤੇ ਗੱਲ ਨਾ ਹੋ ਸਕੀ, ਜਿਸ ‘ਤੇ ਉਨ੍ਹਾਂ ਨੂੰ ਫਿਕਰ ਹੋਣ ਲੱਗ ਗਈ। ਜਦੋਂ ਉਨ੍ਹਾਂ ਉਸ ਦੇ ਨਾਲ ਦੀ ਕੁੜੀ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਦੇ ਪੀਜੀ ਜਾ ਕੇ ਪਤਾ ਕੀਤਾ। ਉਸ ਨੇ ਨਾਲ ਦੇ ਕਮਰੇ ‘ਚ ਰਹਿਣ ਵਾਲੇ ਮੁੰਡੇ ਦੀ ਮਦਦ ਨਾਲ ਉਸ ਦਾ ਬੂਹਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਾ ਮਿਲਿਆ। ਇਸ ‘ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਮਦਦ ਨਾਲ ਬੂਹਾ ਖੋਲ੍ਹਿਆ ਗਿਆ ਤਾਂ ਨਵਨੀਤ ਨੂੰ ਮ੍ਰਿਤਕ ਹਾਲਤ ‘ਚ ਵੇਖ ਉਸ ਦੇ ਵੀ ਹੋਸ਼ ਉੱਡ ਗਏ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਦੀ ਮੌਤ ਕਿਵੇਂ ਹੋਈ।