ਮਿਲਾਨ ਇਟਲੀ (ਸਾਬੀ ਚੀਨੀਆ) : ਇਟਲੀ ਦੇ ਸੈਲਰੋਨੋ ਇਲਾਕੇ ਦੇ ਕਸਬਾ ਕਪਾਚੋ ਵਿਖੇ ਬੀਤੇ ਸ਼ਨੀਵਾਰ ਰਾਤ ਨੂੰ ਇਕ ੪੪ ਸਾਲਾਂ ਵਿਅਕਤੀ ਹਰਪ੍ਰੀਤ ਸਿੰਘ ਬਾਜਵਾ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਜਾਣ ਦਾ ਸ਼ੌਕਮਈ ਸਮਾਚਾਰ ਪ੍ਰਾਪਤ ਹੋਇਆ । ਸਥਾਨਿਕ ਪੁਲਿਸ ਮੁਤਾਬਿਕ ਇੰਡੀਅਨ ਵਿਅਕਤੀ ਦੀ ਡੇਅਰੀ ਫਾਰਮ ਉੱਤੇ ਮੌਤ ਹੋਈ ਹੈ ਜਦ ਪੁਲਿਸ ਉਸ ਸਥਾਨ ‘ਤੇ ਪਹੁੰਚੀ ਤਾਂ ਇਹ ਵਿਅਕਤੀ ਮ੍ਰਿਤਕ ਪਾਇਆ ਗਿਆ। ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ । ਹਰਪ੍ਰੀਤ ਸਿੰਘ ਬਾਜਵਾ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਵੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਤ ਦੇ ਅਸਲ ਕਾਰਨ ਜਾਨਣ ਲਈ ਡੇਅਰੀ ਫਾਰਮ ਦੇ ਮਾਲਕ ਕੋਲੋਂ ਪੁੱਛ-ਗਿੱਛ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੌਤ ਦੀ ਖ਼ਬਰ ਮਿਲਣ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਸ ਵਿਅਕਤੀ ਦੀ ਲਾਪਤਾ ਹੋਣ ਦੀ ਪੋਸਟ ਵੀ ਸ਼ੇਅਰ ਹੋਈ ਸੀ ਪੰਜਾਬ ਰਹਿੰਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਫੋਨ ਉੱਤੇ ਸੰਪਰਕ ਨਹੀਂ ਹੋ ਰਿਹਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਇਟਲੀ ਰਹਿੰਦੇ ਇੰਡੀਅਨ ਭਾਈਚਾਰੇ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਸਰਕਾਰੀ ਵਕੀਲ ਦੇ ਦਖਲ ਤੋਂ ਬਾਅਦ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਪੋਸਟ ਮਾਰਟਮ ਹੋਵੇਗਾ ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।