ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਸਰਾਲੀ ਪਿੰਡ ‘ਚ ਖੁਦ ਮੋਰਚਾ ਸਾਂਭਿਆ ਤੇ ਬੰਨ੍ਹ ਨੂੰ ਮਜ਼ਬੂਤ ਕਰਨ ‘ਚ ਮਦਦ ਕਰ ਰਹੇ ਹਨ। ਉਨ੍ਹਾਂ ਸਸਰਾਲੀ ਪਿੰਡ ਦੀ ਸਥਿਤੀ ‘ਤੇ ਅਪਡੇਟ ਦਿੰਦੇ ਹੋਏ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਧੁੱਸੀ ਬੰਨ੍ਹ ਨੂੰ ਮਜ਼ਬੂਤ ​ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਤੇ 24 ਘੰਟੇ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ।

ਦੱਸ ਦੇਈਏ ਕਿ ਸਰਰਾਲੀ ਪਿੰਡ ਵਿਚ ਧੁੱਸੀ ਬੰਨ੍ਹ ਦੀ ਮਿੱਟੀ ਖਿਸਕਣ ਨਾਲ ਸਤਲੁਜ ਦਰਿਆ ਦਾ ਪਾਣੀ ਖੇਤਾਂ ਵਿਚ ਮਾਰ ਕਰ ਰਿਹਾ ਹੈ। ਇਸ ਦੇ ਬਾਅਦ ਫੌਜ ਬੁਲਾਈ ਗਈ ਤੇ ਹੁਣ ਤੱਕ ਬੰਨ੍ਹ ਨੂੰ ਬਚਾਉਣ ਦਾ ਕੰਮ ਸੈਨਾ ਤੇ ਪ੍ਰਸ਼ਾਸਨ ਮਿਲ ਕੇ ਕਰ ਰਹੇ ਹਨ। ਸਸਰਾਲੀ ਬੰਨ੍ਹ ਦਾ ਜੋ ਹਿੱਸਾ ਲਗਾਤਾਰ ਸਤਲੁਜ ਦੇ ਤੇਜ਼ ਵਹਾਅ ਨਾਲ ਹੜ੍ਹ ਦੀ ਚਪੇਟ ਵਿਚ ਸੀ ਉਥੇ ਸੈਨਾ ਤੇ ਪ੍ਰਸ਼ਾਸਨ ਨੇ ਲਗਾਤਾਰ ਮੋਰਚਾ ਸੰਭਾਲਿਆ ਹੋਇਆ ਹੈ।

ਇਨ੍ਹਾਂ ਸਭ ਤੇ ਵਿਚਾਲੇ ਇਕ ਰਾਹਤ ਭਰੀ ਖਬਰ ਵੀ ਹੈ ਕਿ ਭਾਖੜਾ ਵਿਚ ਪਾਣੀ ਦਾ ਪੱਧਰ ਘੱਟ ਰਿਹਾ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਖੜਾ ਡੈਮ ਤੋਂ ਲਗਭਗ 70,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਵਿਚੋਂ ਲਗਭਗ 50,000 ਕਿਊਸਿਕ ਪਾਣੀ ਹੀ ਸਤਲੁਜ ਵਿਚ ਛੱਡਿਆ ਜਾ ਰਿਹਾ ਹੈ।