ਸਾਇਰਨ ਸੁਣਦਿਆਂ ਹੀ ਹੋਵੇਗਾ ਬਲੈਕਆਊਟ!
27 ਨਵੰਬਰ ਦੀ ਰਾਤ ਪੰਜਾਬ ਦੇ ਲੋਕਾਂ ਨੂੰ ਖ਼ਤਰੇ ਦੇ ਸਾਇਰਨ ਸੁਣਾਈ ਦੇਣਗੇ… ਰਾਤ 8 ਵਜੇ ਘਰਾਂ ਦੀਆਂ ਲਾਈਟਾਂ ਬੰਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਜੀ ਹਾਂ, ਸੂਬੇ ਵਿੱਚ ਏਅਰ ਰੇਡ ਅਤੇ ਬਲੈਕਆਊਟ ਦੀ ਵਿਸ਼ੇਸ਼ ਮੌਕ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਹਵਾਈ ਹਮਲੇ ਵਰਗੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ ਆਪਣੀਆਂ ਤਿਆਰੀਆਂ ਨੂੰ ਪਰਖਿਆ ਜਾਵੇਗਾ।ਹਾਲਾਂਕਿ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਅਸਲੀ ਹਵਾਈ ਹਮਲਾ ਜਾਂ ਮਿਲਟਰੀ ਆਪਰੇਸ਼ਨ ਨਹੀਂ ਹੈ, ਸਗੋਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਐਮਰਜੈਂਸੀ ਲਈ ਤਿਆਰ ਕਰਨ ਵਾਸਤੇ ਕੀਤੀ ਜਾ ਰਹੀ ਇੱਕ ਰੂਟੀਨ ਮੌਕ ਡ੍ਰਿੱਲ ਹੈ।
ਦਰਅਸਲ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਜ਼ ਅਨੁਸਾਰ ਇਹ ਵਿਸ਼ੇਸ਼ ਅਭਿਆਸ ਕਰਵਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਹਾਇਕ ਕਮਿਸ਼ਨਰ ਹਿਮਾਂਸ਼ੂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਵੀ ਐਮਰਜੈਂਸੀ ਜਾਂ ਏਅਰ ਸਟ੍ਰਾਈਕ ਵਰਗੇ ਹਾਲਾਤਾਂ ਵਿੱਚ ਸਿਵਲ ਡਿਫੈਂਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਤਿਆਰੀਆਂ ਦੀ ਜਾਂਚ ਕਰਨਾ ਹੈ। ਉਨ੍ਹਾਂ ਮੁਤਾਬਕ 27 ਨਵੰਬਰ ਨੂੰ ਰਾਤ 8 ਵਜੇ ਫਿਰੋਜ਼ਪੁਰ ਸਿਟੀ ਦੇ ਹਾਊਸਿੰਗ ਬੋਰਡ ਕਾਲੋਨੀ ਨੇੜੇ ਸਥਿਤ ਸਿਵਲ ਹਸਪਤਾਲ ਵਿਖੇ ਏਅਰ ਰੇਡ ਅਤੇ ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਅਧਿਕਾਰੀਆਂ ਮੁਤਾਬਕ ਮੌਕ ਡ੍ਰਿੱਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਹੋਵੇਗੀ। ਇਹ ਸਾਇਰਨ ਦੋ ਮਿੰਟ ਤੱਕ ਹਾਈ-ਲੋਅ ਪਿੱਚ ‘ਤੇ ਵੱਜੇਗਾ।
ਸਾਇਰਨ ਵੱਜਦੇ ਹੀ ਨਿਰਧਾਰਤ ਇਲਾਕੇ ਵਿੱਚ ਬਲੈਕਆਊਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਚਾਲੂ ਰਹਿਣਗੀਆਂ।ਇਸ ਅਭਿਆਸ ਦੌਰਾਨ ਸਿਰਫ਼ ਲਾਈਟਾਂ ਬੰਦ ਕਰਨਾ ਹੀ ਮਕਸਦ ਨਹੀਂ ਹੋਵੇਗਾ, ਸਗੋਂ ਵੱਖ-ਵੱਖ ਵਿਭਾਗਾਂ ਵੱਲੋਂ ਐਮਰਜੈਂਸੀ ਨਾਲ ਨਜਿੱਠਣ ਅਤੇ ਰਾਹਤ ਪਹੁੰਚਾਉਣ ਸਬੰਧੀ ਕਈ ਆਪਰੇਸ਼ਨਾਂ ਦਾ ਅਭਿਆਸ ਵੀ ਕੀਤਾ ਜਾਵੇਗਾ। ਜਦੋਂ ਇਹ ਮੌਕ ਡ੍ਰਿੱਲ ਖ਼ਤਮ ਹੋਵੇਗੀ ਤਾਂ ਆਲ ਕਲੀਅਰ ਸਿਗਨਲ ਦਿੱਤਾ ਜਾਵੇਗਾ। ਇਸ ਲਈ ਦੋ ਮਿੰਟ ਤੱਕ ਲਗਾਤਾਰ ਹਾਈ ਪਿੱਚ ‘ਤੇ ਸਾਇਰਨ ਵਜਾਇਆ ਜਾਵੇਗਾ।ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਅਭਿਆਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ, ਕਿਉਂਕਿ ਇਹ ਸਿਰਫ਼ ਇੱਕ ਰੂਟੀਨ ਸਿਵਲ ਡ੍ਰਿੱਲ ਹੈ ਅਤੇ ਇਸ ਦਾ ਕਿਸੇ ਵੀ ਮਿਲਟਰੀ ਆਪਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ।ਇਸ ਲਈ 27 ਨਵੰਬਰ ਦੀ ਰਾਤ 8 ਵਜੇ ਜੇਕਰ ਤੁਹਾਨੂੰ ਸਾਇਰਨ ਸੁਣਾਈ ਦਿੰਦੇ ਹਨ ਤਾਂ ਘਬਰਾਉਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।














