ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਬੇਅਦਬੀ ਦੀ ਇੱਕ ਏ.ਆਈ. ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਇਸ ਵੀਡੀਓ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਜੀ.ਪੀ.ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀਡੀਓ ਮੰਗਵਾਉਂਦੇ ਹੋਏ ਕਿਹਾ ਕਿ ਇਸ ਨੂੰ ਦੇਖਣ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਇਸ ਵੀਡੀਓ ਵਿੱਚ ਇੱਕ ਪਿੰਜਰ ਨੂੰ ਪੱਗ ਪਹਿਨਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦਿਖਾਇਆ ਗਿਆ ਹੈ। ਉਸ ਦੇ ਜੁੱਤੀ ਵੀ ਪਾਈ ਦਿਖਾਈ ਗਈ ਹੈ। ਇੰਨਾ ਹੀ ਨਹੀਂ, ਵੀਡੀਓ ‘ਚ ਉਹ ਲੰਗਰ ਹਾਲ ਵਿੱਚ ਵੀ ਜੁੱਤਿਆਂ ਸਮੇਤ ਹੀ ਲੰਗਰ ਛਕਦਾ ਨਜ਼ਰ ਆ ਰਿਹਾ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਲਗਭਗ ਡੇਢ ਮਿੰਟ ਦਾ ਵੀਡੀਓ ਅੰਮ੍ਰਿਤਸਰ ਵਿੱਚ ਸੱਤ ਦਿਨ ਥੀਮ ਵਾਲਾ ਹੈ। ਇਸ ਵਿੱਚ ਪਹਿਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਦੂਜੇ ਦਿਨ ਲੰਗਰ ਹਾਲ, ਤੀਜੇ ਦਿਨ ਜਲ੍ਹਿਆਂਵਾਲਾ ਬਾਗ, ਚੌਥੇ ਦਿਨ ਅੰਮ੍ਰਿਤਸਰੀ ਕੁਲਚੇ ਖਾਣਾ ਅਤੇ ਲੱਸੀ ਪੀਣਾ, ਪੰਜਵੇਂ ਦਿਨ ਅਟਾਰੀ-ਵਾਹਗਾ ਸਰਹੱਦ ਦੇਖਣਾ, ਅਤੇ ਛੇਵੇਂ ਦਿਨ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਣਾ ਅਤੇ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਨਾ ਵਰਗੇ ਦ੍ਰਿਸ਼ ਸ਼ਾਮਲ ਹਨ।
ਸੱਤਵੇਂ ਦਿਨ ਦਾ ਦ੍ਰਿਸ਼ ਜਿਸ ਵਿੱਚ ਸੂਰਜ ਚੜ੍ਹਨ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਸਮੇਂ ਇੱਕ ਵਿਅਕਤੀ ਨੂੰ ਜੁੱਤੀਆਂ ਪਾ ਕੇ ਪਰਿਕਰਮਾ ‘ਚ ਬੈਠਾ ਦਿਖਾਇਆ ਗਿਆ ਹੈ, ਜਿਸ ‘ਤੇ ਸਭ ਤੋਂ ਵੱਧ ਇਤਰਾਜ਼ ਜਤਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।














