ਸਪੇਨ ਦੇ ਤੋਲੇਦੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਰੇਲਗੱਡੀਆਂ ਵਿਚਾਲੇ ਹੋਈ ਟੱਕਰ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਦਾਰਿਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਸਪੇਨ ਦੇ ਅਧਿਕਾਰੀਆਂ ਨੇ ਸ਼ੁਰੂਆਤ ਵਿੱਚ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ, ਪਰ ਕਾਸਤੀਲਾ ਲਾ ਮਾਂਚਾ ਖੇਤਰ ਦੀ ਬੁਲਾਰਾ ਐਸਥਰ ਪਾਡਿਲਾ ਨੇ ਦੱਸਿਆ ਕਿ “ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।”
ਸਪੇਨ ਦੇ ਰੇਲ ਪ੍ਰਣਾਲੀ ਸੰਚਾਲਕ ‘ਏ ਡੀ ਆਈ ਐੱਫ’ (ADIF) ਅਨੁਸਾਰ ਇਹ ਹਾਦਸਾ ਬੁੱਧਵਾਰ ਸਵੇਰੇ ਤੋਲੇਦੋ ਸੂਬੇ ਵਿੱਚ ਵਾਪਰਿਆ, ਜਿਸ ਮਗਰੋਂ ਮੈਡ੍ਰਿਡ, ਸਿਊਦਾਦ ਰੀਅਲ ਅਤੇ ਅੰਦਾਲੂਸੀਆ ਵਿਚਾਲੇ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।
ਬੁਲਾਰਾ ਪਾਡਿਲਾ ਨੇ ਸਰਕਾਰੀ ਪ੍ਰਸਾਰਕ ‘ਟੀ ਵੀ ਈ’ (TVE) ਨੂੰ ਦੱਸਿਆ ਕਿ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਵਿਚਾਲੇ ਇਹ ਟੱਕਰ ਹੋਈ। ਇੱਕ ਰੇਲਗੱਡੀ ਦੂਜੀ ਰੇਲਗੱਡੀ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਰਾਜਧਾਨੀ ਮੈਡ੍ਰਿਡ ਤੋਂ ਦੱਖਣ-ਪੱਛਮੀ ਸ਼ਹਿਰ ਸੇਵਿਲੇ ਵੱਲ ਜਾ ਰਹੀਆਂ ਦੋਵਾਂ ਰੇਲਗੱਡੀਆਂ ਵਿੱਚ ਸੈਂਕੜੇ ਮੁਸਾਫ਼ਰ ਸਵਾਰ ਸਨ। ਸਪੇਨ ਦੀ ਸਿਹਤ ਮੰਤਰੀ ਮੋਨਿਕਾ ਗਾਰਸੀਆ ਨੇ ‘ਟੀ ਵੀ ਈ’ ਨੂੰ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਜੁਟੀਆਂ ਐਮਰਜੈਂਸੀ ਟੀਮਾਂ ਸਭ ਤੋਂ ਵੱਧ ਨੁਕਸਾਨੇ ਗਏ ਦੋ ਡੱਬਿਆਂ ਵਿੱਚੋਂ ਜ਼ਿੰਦਾ ਬਚੇ ਲੋਕਾਂ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਾਹਰ ਕੱਢਣ ‘ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।
ਇਸ ਹਾਦਸੇ ਵਿੱਚ ਸਪੇਨ ਦੀ ਸਰਕਾਰੀ ਕੰਪਨੀ ‘ਰੇਨਫੇ’ (Renfe) ਅਤੇ ਨਿੱਜੀ ਰੇਲ ਕੰਪਨੀ ‘ਇਰੀਓ’ (Iryo) ਦੀਆਂ ਰੇਲਗੱਡੀਆਂ ਸ਼ਾਮਲ ਸਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀਆਂ ਰੇਲਗੱਡੀਆਂ ਵਿਚਾਲੇ ਹਾਦਸਾ ਵਾਪਰ ਚੁੱਕਾ ਹੈ। ਪਾਡਿਲਾ ਅਨੁਸਾਰ ‘ਰੇਨਫੇ’ ਦੀ ਰੇਲਗੱਡੀ ਵਿੱਚ 397 ਮੁਸਾਫ਼ਰ ਅਤੇ ‘ਇਰੀਓ’ ਦੀ ਰੇਲਗੱਡੀ ਵਿੱਚ 147 ਮੁਸਾਫ਼ਰ ਸਵਾਰ ਸਨ।














