ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਉਸ ਵੇਲੇ ਭਾਜੜ ਮਚ ਗਈ, ਜਦੋਂ ਲੜਕਿਆਂ ਦੇ ਪੀਜੀ ਵਜੋਂ ਵਰਤੀ ਜਾ ਰਹੀ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹਾਦਸੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।
ਇਮਾਰਤ ਮਾਲਕ ਖ਼ਿਲਾਫ਼ FIR ਦੇ ਹੁਕਮ
ਮੁੱਖ ਮੰਤਰੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਇਮਾਰਤ ਦੇ ਮਾਲਕ ਖ਼ਿਲਾਫ਼ ਤੁਰੰਤ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਮਾਰਤ ਕਾਫੀ ਪੁਰਾਣੀ ਸੀ ਅਤੇ ਇਸ ਦੇ ਬੇਸਮੈਂਟ ਵਿੱਚ ਖੁਦਾਈ ਦੇ ਨਾਲ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੀ।
ਜਾਣਕਾਰੀ ਮੁਤਾਬਕ ਇਸੇ ਦੌਰਾਨ ਇੱਕ ਪਿੱਲਰ ਖਿਸਕ ਗਿਆ, ਜਿਸ ਤੋਂ ਬਾਅਦ ਪੂਰੀ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਹਾਦਸੇ ਤੋਂ ਬਾਅਦ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਏ ਗਏ।
11 ਲੋਕਾਂ ਨੂੰ ਸੁਰੱਖਿਅਤ ਕੱਢਿਆ
ਮੁੱਖ ਮੰਤਰੀ ਰੇਖਾ ਗੁਪਤਾ ਨੇ ਘਟਨਾ ਸਥਾਨ ਤੋਂ ਇਲਾਵਾ ਏਮਜ਼ ਟਰੌਮਾ ਸੈਂਟਰ ਦਾ ਵੀ ਦੌਰਾ ਕੀਤਾ। ਉਨ੍ਹਾਂ ਉੱਥੇ ਜ਼ਖਮੀ ਵਿਦਿਆਰਥੀਆਂ ਦਾ ਹਾਲ ਪੁੱਛਿਆ ਅਤੇ ਡਾਕਟਰਾਂ ਨੂੰ ਉਨ੍ਹਾਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਹੁਣ ਤੱਕ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕੀਆਂ ਹਨ।
ਮੁੱਖ ਮੰਤਰੀ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਘਟਨਾ ਲਈ ਜਿਹੜਾ ਵੀ ਜ਼ਿੰਮੇਵਾਰ ਪਾਇਆ ਗਿਆ, ਭਾਵੇਂ ਉਹ ਇਮਾਰਤ ਦਾ ਮਾਲਕ ਹੋਵੇ ਜਾਂ ਕੋਈ ਅਧਿਕਾਰੀ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੇ ਸੰਭਾਲਿਆ ਮੋਰਚਾ
ਹਾਦਸੇ ਤੋਂ ਤੁਰੰਤ ਬਾਅਦ ਬਚਾਅ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਦੁਪਹਿਰ ਕਰੀਬ 1:30 ਵਜੇ ਹੋਏ ਹਾਦਸੇ ਨੇ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਦੀ ਤੰਗ ਗਲੀ ਨੂੰ ਰਾਹਤ ਕਾਰਜਾਂ ਦਾ ਕੇਂਦਰ ਬਣਾ ਦਿੱਤਾ।
ਨੇੜੇ ਮੌਜੂਦ ਵਿਦਿਆਰਥੀ ਆਪਣੇ ਦੋਸਤਾਂ ਅਤੇ ਸਾਥੀਆਂ ਨੂੰ ਲੱਭਣ ਲਈ ਮੌਕੇ ’ਤੇ ਪਹੁੰਚੇ। ਲੋਕਾਂ ਨੇ ਮਿਲ ਕੇ ਮਲਬੇ ਦੇ ਛੋਟੇ-ਛੋਟੇ ਹਿੱਸੇ ਹੱਥਾਂ ਨਾਲ ਹਟਾਏ। ਪਲੇਟਾਂ, ਪਲਾਸਟਿਕ ਦੀਆਂ ਬੋਤਲਾਂ, ਟੁੱਟੀਆਂ ਪਾਈਪਾਂ, ਟਾਇਲਟ ਦੇ ਪੁਰਜ਼ੇ, ਕੰਕਰੀਟ ਅਤੇ ਮੁੜੇ ਹੋਏ ਲੋਹੇ ਦੇ ਸਰੀਏ ਵੀ ਉਨ੍ਹਾਂ ਨੇ ਖੁਦ ਹਟਾਏ।
ਮਨੁੱਖੀ ਲੜੀ ਬਣਾ ਕੇ ਕੀਤੀ ਮਦਦ
ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੇ ਮਲਬਾ ਹਟਾਉਣ ਲਈ ਮਨੁੱਖੀ ਲੜੀ ਬਣਾਈ। ਭਾਰੀ ਮਲਬੇ ਲਈ JCB ਮਸ਼ੀਨਾਂ ਦੀ ਮਦਦ ਲਈ ਗਈ, ਪਰ ਜਿਹੜੇ ਹਿੱਸੇ ਮਸ਼ੀਨਾਂ ਨਾਲ ਨਹੀਂ ਹਟਾਏ ਜਾ ਸਕਦੇ ਸਨ, ਉਨ੍ਹਾਂ ਨੂੰ ਵਿਦਿਆਰਥੀਆਂ ਨੇ ਖੁਦ ਚੁੱਕ ਕੇ ਹਟਾਇਆ।
ਕਈ ਵਿਦਿਆਰਥੀਆਂ ਨੇ ਇਸ ਹਾਦਸੇ ਤੋਂ ਬਾਅਦ ਇਲਾਕੇ ਦੀਆਂ ਪੀਜੀ ਰਿਹਾਇਸ਼ਾਂ ਦੀ ਸੁਰੱਖਿਆ ’ਤੇ ਚਿੰਤਾ ਜਤਾਈ। ਉਨ੍ਹਾਂ ਮੁਤਾਬਕ ਡਿੱਗੀ ਇਮਾਰਤ ਕਾਫੀ ਪੁਰਾਣੀ ਸੀ, ਹਾਲਾਂਕਿ ਹਰ ਸਾਲ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਰੰਗ ਦਿੱਤਾ ਜਾਂਦਾ ਸੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਮਾਪਿਆਂ ਅਤੇ ਹੋਰ ਲੋਕਾਂ ਨੂੰ ਇਮਾਰਤ ਨਵੀਂ ਤੇ ਠੀਕ ਤਰ੍ਹਾਂ ਸੰਭਾਲੀ ਹੋਈ ਲੱਗਦੀ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਮਾਰਤ ਦੀ ਜਾਂਚ ਬਹੁਤ ਘੱਟ ਹੁੰਦੀ ਸੀ।














