ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਮੁਕੇਰੀਆਂ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਸ਼ਹੀਦ ਕਾਂਸਟੇਬਲ ਦੀ ਯਾਦ ਵਿਚ ਇਕ ਸਟੇਡੀਅਮ ਬਣਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਜੋ ਵੀ ਸਾਨੂੰ ਪਿੰਡ ਦੀ ਪੰਚਾਇਤ ਜਾਂ ਫਿਰ ਪਰਿਵਾਰ ਕਹੇਗਾ, ਉਹ ਕੀਤਾ ਜਾਵੇਗਾ।
ਸੀਐੱਮ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਗੈਂਗਸਟਰ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਮੁਕੇਰੀਆਂ ਵਾਸੀ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਹੀਦ ਜਵਾਨ ਨੇ ਡਿਉਟੀ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ, ਹੁਣ ਪਰਿਵਾਰ ਦੀ ਸਾਂਭ-ਸੰਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ, ਜੋ ਅਸੀਂ ਹਰ ਵੇਲੇ ਨਿਭਾਉਣ ਲਈ ਪੂਰੇ ਵਚਨਬੱਧ ਹਾਂ। ਦੱਸ ਦੇਈਏ ਕਿ ਸੀਆਈਏ ਟੀਮ ਵੱਲੋਂ ਰੇਡ ਕਰਨ ਦੌਰਾਨ ਕਾਤਲ ਸੁਖਵਿੰਦਰ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜੋਕਿ ਕਾਂਸਟੇਬਲ ਅੰਮ੍ਰਿਤਪਾਲ ਦੀ ਛਾਤੀ ਵਿਚ ਲੱਗੀਆਂ ਸਨ। ਅੰਮ੍ਰਿਤਪਾਲ ਨੂੰ ਹਸਪਤਾਲ ਲਿਜਾਣ ਦੌਰਾਨ ਉਸ ਦੀ ਮੌਤ ਹੋ ਗਈ।