ਚੰਡੀਗੜ੍ਹ: ਇੱਕ ਕਥਿਤ ਵੀਡੀਓ ਮਾਮਲੇ ਵਿੱਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ‘ਸ੍ਰੀ ਅਕਾਲ ਤਖ਼ਤ ਸਾਹਿਬ’ ਵੱਲੋਂ ‘ਗੁਰੂ ਦੋਖੀ’ ਅਤੇ ‘ਪੰਥ ਵਿਰੋਧੀ’ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ (ਵੀਰਵਾਰ) ਇਸ ’ਤੇ ਆਪਣਾ ਪੱਖ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ, ਅਕਾਲੀ ਦਲ ਅਤੇ ਕਾਂਗਰਸ ਤਿੰਨੋਂ ਪਾਰਟੀਆਂ ਮਿਲਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਲੋਕ ਭਲਾਈ ਦੇ ਕੰਮ ਬਰਦਾਸ਼ਤ ਹੋ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਕਿ ਇਸ ਫਰਜੀ ਵੀਡੀਓ ਵਿੱਚ ਉਹ ਨਹੀਂ ਹਨ। ਉਨ੍ਹਾਂ ਖਿਲਾਫ ਇਹ ਸਾਜ਼ਿਸ਼ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਰਚੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਬੇਅਦਬੀ ਖਿਲਾਫ ਸਖ਼ਤ ਕਾਨੂੰਨ ਬਣਾਇਆ ਹੈ, ਉਨ੍ਹਾਂ ਖਿਲਾਫ ਕੂੜ ਪ੍ਰਚਾਰ ਸ਼ੁਰੂ ਹੋ ਗਿਆ ਹੈ। ਇਹੀ ਲੋਕ ਕਹਿੰਦੇ ਸਨ ਕਿ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਅਤੇ ਹੁਣ ਜਦੋਂ ਇਹ ਬਣਾਇਆ ਗਿਆ ਹੈ, ਤਾਂ ਇਹ ਹੁਣ ਪੁੱਛ ਰਹੇ ਹਨ ਕਿ ਇਹ ਕਿਉਂ ਬਣਾਇਆ। ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੇ ਚੰਗੇ ਕੰਮ ਤੋਂ ਪਰੇਸ਼ਾਨ ਵਿਰੋਧੀ ਝੂਠ ਬੋਲ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਕਰਵਾਈ ਗਈ ਫ਼ੋਰੈਂਸਿਕ ਜਾਂਚ (Forensic Examination) ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫ਼ਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵੀਡੀਓ ਦੇ ਇੱਕ-ਇੱਕ ਫ੍ਰੇਮ ਦੀ ਬਾਰੀਕੀ ਨਾਲ ਕੀਤੀ ਗਈ ਫ਼ੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ (Angle) ਤੋਂ ਉਨ੍ਹਾਂ ਨਾਲ ਮੇਲ ਨਹੀਂ ਖਾਂਦਾ।
ਮੁੱਖ ਮੰਤਰੀ ਨੇ ਅੱਗੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖ਼ਰਾਬ ਕਰਨ ਲਈ ਕਿਸੇ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਂਗ ਰਚਿਆ ਗਿਆ ਅਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ, “ਮੈਂ ਡੀਜੀਪੀ (DGP) ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਸ ਫ਼ਰਜ਼ੀ ਵੀਡੀਓ ਨੂੰ ਤਿਆਰ ਕਰਨ ਅਤੇ ਇਸ ਦੇ ਪਿੱਛੇ ਮਾਸਟਰਮਾਈਂਡ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ।”














