ਪੰਜਾਬ ਵਿਚ ‘ਆਪ’ ਸਰਕਾਰ ਦੇ 2 ਸਾਲ ਪੂਰੇ ਹੋ ਗਏ ਹਨ। ਅੱਜ ਭਗਵੰਤ ਮਾਨ ਬਲਾਚੌਰ ਦੀ ਧਰਤੀ ‘ਤੇ ਲੋਕਾਂ ਨੂੰ ਸੌਗਾਤ ਦੇਣ ਪਹੁੰਚੇ ਹਨ। ਸੀਐੱਮ ਮਾਨ ਨੇ ਪਿੰਡ ਬੱਲੋਵਾਲ ਸੋਖੜੀ ਵਿਚ ਖੇਤੀਬਾੜੀ ਕਾਲਜ ਦਾ ਉਦਘਾਟਨ ਕੀਤਾ।

ਇਸ ਮੌਕੇ ਸੀਐੱਮ ਮਾਨ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧਤ ਬਨ। ਅੱਜ ਤੇ ਪਹਿਲਾਂ ਦੇ ਤਰੀਕੇ ਵਿਚ ਬਹੁਤ ਫਰਕ ਪਿਆ ਹੈ। ਖੇਤੀ ਕਰਨ ਦੇ ਤਰੀਕੇ ਬਦਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ ‘ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਅਪਡੇਟ ਕੀਤਾ ਜਾ ਰਿਹਾ…ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਨਵੇਂ ਬੀਜਾਂ ਬਾਰੇ ਜਾਣਕਾਰੀ ਦੇਣੀ ਪਵੇਗੀ ਤੇ ਇਹ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੋਵੇਗੀ। ਪ੍ਰੋਡਕਸ਼ਨ ਕੋਸਟ ਘਟਾਉਣੀ ਪਵੇਗੀ ਤੇ ਪ੍ਰੋਡਕਸ਼ਨ ਵਧਾਉਣੀ ਪਵੇਗੀ। CM ਮਾਨ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਜਦੋਂ ਕਿਸੇ ਫਸਲ ਨੂੰ ਸੁੰਡੀ ਲੱਗ ਜਾਂਦੀ ਸੀ ਤਾਂ ਕੋਈ ਖੇਤੀਬਾੜੀ ਮਹਿਕਮੇ ਵੱਲੋਂ ਤੁਹਾਨੂੰ ਦੱਸਣ ਨਹੀਂ ਆਉਂਦਾ ਸੀ ਕਿ ਕਿਹੜੀ ਸਪਰੇਅ ਕਰਨੀ ਹੈ। ਸਾਰੇ ਇਕ-ਦੂਜੇ ਨੂੰ ਪੁੱਛ ਕੇ ਸਪਰੇਅ ਕਰ ਦਿੰਦੇ ਸਨ। ਪਰ ਹੁਣ ਪੰਜਾਬ ਦੇ ਖੇਤਾਂ ਵਿਚ ਵੀ ਸਕੂਲਾਂ ਵਾਂਗ ਖੇਤਾਂ ਦੇ ਮਾਸਟਰ ਹਰ ਪਿੰਡ ਨੂੰ ਦੇਵਾਂਗੇ।
B.Sc. ਐਗਰੀਕਲਚਰ, M.Sc. ਐਗਰੀਕਲਚਰ ਪੜ੍ਹੇ-ਲਿਖੇ ਮਾਸਟਰ ਤੁਹਾਡੇ ਪਿੰਡ ਆਇਆ ਕਰਨਗੇ। ਜੇਕਰ ਕੋਈ ਸੁੰਡੀ ਲੱਗੀ ਹੈ ਤਾਂ ਉਸ ਨੂੰ ਯੂਨੀਵਰਸਿਟੀ ਭੇਜਣਗੇ ਤਾਂ ਸਾਇੰਸਦਾਨ ਦੱਸਣਗੇ ਕਿ ਇਸ ਲਈ ਕਿਹੜੇ ਸਪਰੇਅ ਦੀ ਜ਼ਰੂਰਤ ਹੈ। ਇਸ ਨਾਲ ਇਕ ਤਾਂ ਨੌਕਰੀਆਂ ਮਿਲਣਗੀਆਂ, ਨਾਲ ਹੀ ਖੇਤੀ ਵੀ ਬਚੇਗੀ।ਉਨ੍ਹਾਂ ਕਿਹਾ ਕਿ ਪਿੰਡ ਵਿਚ ਕਾਲਜ ਖੋਲ੍ਹਿਆ ਜਾਵੇਗਾ ਜਿਥੇ ਖੇਤੀ ਨਾਲ ਸਬੰਧਤ ਨਵੀਆਂ ਖੋਜਾਂ ਹੋਣਗੀਆਂ।