ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਘਰ-ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਨੇ ਲੋਕਾਂ ਨੂੰ ਸਕੀਮ ਬਾਰੇ ਜਾਣਕਾਰੀ ਦਿੱਤੀ। ਮਹਾਰੈਲੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਤੇ ਚੰਡੀਗੜ੍ਹ ਲੋਕ ਸਭਾ ਸੀਟ ‘ਤੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਸਾਰੇ ਜਿੱਤਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਹੀਰੋ ਬਣੇਗਾ ਤੇ ਪੰਜਾਬ ਦੇ ਹੱਕ ‘ਚ 14-0 ਸੀਟਾਂ ਆਉਣਗੀਆਂ। ਘਰ-ਘਰ ਰਾਸ਼ਨ ਯੋਜਨਾ ਬਾਰੇ ਦੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਆਟਾ ਉਨ੍ਹਾਂ ਦੇ ਤੇ ਉਨ੍ਹਾਂ ਦੇ ਮੰਤਰੀਆਂ ਦੇ ਘਰ ਪਕਦਾ ਹੈ,ਉਹੀ ਆਟਾ ਹੁਣ ਸਕੀਮ ਤਹਿਤ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਹੁਣ ਤੋਂ ਹਰ ਮਹੀਨੇ ਖੁਦ ਰਾਸ਼ਨ ਲੋਕਾਂ ਦੇ ਘਰ ਆਇਆ ਕਰੇਗਾ। ਜਿਸ ਨੂੰ ਆਟਾ ਚਾਹੀਦਾ, ਉਸ ਨੂੰ ਆਟਾ ਤੇ ਜਿਸ ਨੂੰ ਚਾਵਲ ਚਾਹੀਦਾ, ਉਸ ਨੂੰ ਚਾਵਲ ਦਿੱਤੇ ਜਾਣਗੇ। ਸਰਕਾਰ ਚੰਗੀ ਕੁਆਲਟੀ ਦਾ ਆਟਾ ਪਿਸਾ ਕੇ ਦੇਵੇਗੀ।