ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ ਜਾਣ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸੀਐੱਮ ਮਾਨ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ।
CM ਮਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਇਸ ਵਾਰ ਕੇਂਦਰ ਵੱਲੋਂ ਸਾਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਉਹ ਆਪਣੀ ਝਾਕੀ ਪੇਸ਼ ਕਰਨਾ ਚਾਹੁੰਦੇ ਹਨ ਤਾਂ ਅਸੀਂ ਕਿਹਾ ਕਿ ਇਸ ਵਾਰ ਅਸੀਂ ਪੰਜਾਬ ਦੀ ਹਾਜ਼ਰੀ ਲਗਵਾਉਣਾ ਚਾਹੁੰਦੇ ਹਾਂ।ਸਾਡੇ ਵੱਲੋਂ ਤਿੰਨ ਪ੍ਰਸਤਾਵ ਤਿਆਰ ਕਰਕੇ ਭੇਜੇ ਸਨ। ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਪਹਿਲੀ ‘ਚ ਭਗਤ ਸਿੰਘ, ਸਾਈਮਨ ਕਮਿਸ਼ਨ ਗੋ ਬੈਕ, ਦੂਜੇ ‘ਚ ਵੀ ਲਗਪਗ ਅਜਿਹਾ ਹੀ ਸੀ। ਦੂਜੀ ਮਾਈ ਭਾਗੋ – ਪਹਿਲੀ ਮਹਿਲਾ ਵਾਰੀਅਰ ਨਾਰੀ ਸ਼ਕਤੀ ਵਜੋਂ ਪੇਸ਼ ਕੀਤੀ। ਤੀਜੇ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਤਿੰਨਾਂ ਦੇ ਦੋ ਡਿਜ਼ਾਈਨ ਭੇਜੇ ਗਏ ਸਨ ਪਰ ਕੇਂਦਰ ਵੱਲੋਂ ਉਨ੍ਹਾਂ ਨੂੰ ਪਾਸ ਨਹੀਂ ਕੀਤਾ ਗਿਆ। ਨਾ ਤਾਂ ਪੰਜਾਬ ਤੇ ਨਾ ਹੀ ਦਿੱਲੀ ਦੀ ਝਾਕੀ ਰੱਖੀ ਗਈ। ਇਸ ‘ਤੇ ਕੇਂਦਰ ਵੱਲੋਂ ਜਵਾਬ ਦਿੱਤਾ ਗਿਆ ਕਿ ਕੁਝ ਕੁ ਅਹਿਮ ਸ਼ਹਿਰਾਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
ਕੇਂਦਰ ਵੱਲੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ‘ਤੇ ਮੁੱਖ ਮੰਤਰੀ ਬਹੁਤ ਹੀ ਨਾਰਾਜ਼ ਹਨ ਤੇ ਉਨ੍ਹਾਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹਾਂ ਕਿ ਜੇਕਰ ਮੋਦੀ ਸਰਕਾਰ ਦਾ ਵਸ ਚੱਲ ਤਾਂ ਜਨ-ਗਨ-ਮਨ ਵਿਚੋਂ ਵੀ ਪੰਜਾਬ ਨੂੰ ਕੱਢ ਦੇਣ। ਉਨ੍ਹਾਂ ਕਿਹਾ ਕਿ BJP ਵਾਲੇ ਵਿਕਾਸ ਸੰਕਪਲ ਯਾਤਰਾ ਦੇ ਨਾਂ ‘ਤੇ PM ਮੋਦੀ ਦੀਆਂ ਝਾਕੀਆਂ ਕੱਢ ਰਹੇ ਹਨ ਪਰ ਭਗਤ ਸਿੰਘ ਤੇ ਰਾਜਗੁਰੂ ਉਨ੍ਹਾਂ ਨੂੰ ਪਸੰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਦੇਖਦਾ ਹਾਂ ਕਿ ਹੁਣ ਉਹ ਕਿਹੜੇ ਮੂੰਹ ਨਾਲ ਪੰਜਾਬ ਵਿਚ ਵੋਟਾਂ ਮੰਗਣ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਨੂੰ ਭੇਜੀਆਂ ਗਈਆਂ ਝਾਕੀਆਂ ਨੂੰ ਪੰਜਾਬ ਵਿਚ ਦਿਖਾਵਾਂਗਾ ਤੇ ਨਾਲ ਇਹ ਵੀ ਲਿਖਾਂਗਾ ਕਿ ਰਿਜੈਕਟਿਡ ਬਾਏ ਸੈਂਟਰ। ਸਾਨੂੰ ਆਪਣੀ ਵਿਰਾਸਤ ਦਿਖਾਉਣ ਤੋਂ ਰੋਕ ਨਹੀਂ ਸਕਦੇ।