ਚੀਨੀ ਬਲਾਗਰ ਜੈਨੀਫਰ ਜ਼ੇਂਗ ਨੇ ਦਾਅਵਾ ਕੀਤਾ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਚੀਨ ਦਾ ਹੱਥ ਹੈ। ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਉਂਦੇ ਹੋਏ ਜ਼ੇਂਗ ਨੇ ਕਿਹਾ ਕਿ ਚੀਨ ਦਾ ਉਦੇਸ਼ ਭਾਰਤ ਅਤੇ ਪੱਛਮ ਵਿਚਾਲੇ ਵਿਵਾਦ ਪੈਦਾ ਕਰਨਾ ਹੈ। ਜੈਨੀਫਰ ਜ਼ੇਂਗ ਇੱਕ ਚੀਨੀ ਮੂਲ ਦੀ ਅਧਿਕਾਰ ਕਾਰਕੁਨ ਅਤੇ ਪੱਤਰਕਾਰ ਹੈ, ਜੋ ਵਰਤਮਾਨ ਵਿੱਚ ਅਮਰੀਕਾ ਵਿੱਚ ਰਹਿ ਰਹੀ ਹੈ। ਐਕਸ(ਟਵਿੱਟਰ) ‘ਤੇ ਇੱਕ ਵੀਡੀਓ ਪੋਸਟ ਕਰਕੇ, ਉਸਨੇ ਨਿੱਝਰ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਨਿੱਝਰ ਦੇ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਸੀਸੀਪੀ ਦੇ ਅੰਦਰੋਂ ਮਿਲੇ ਹਨ। ਬਲੌਗਰ ਜ਼ੇਂਗ ਨੇ ਇੱਕ ਚੀਨੀ ਲੇਖਕ ਅਤੇ ਯੂਟਿਊਬਰ ਲਾਓ ਡੇਂਗ ਦਾ ਵੀ ਜ਼ਿਕਰ ਕੀਤਾ, ਜਿਸ ਦੇ ਹਵਾਲੇ ਨਾਲ ਉਸਨੇ ਇਹ ਜਾਣਕਾਰੀ ਦਿੱਤੀ। ਡੇਂਗ ਕੈਨੇਡਾ ਵਿੱਚ ਰਹਿੰਦਾ ਹੈ।
ਬਲੌਗਰ ਨੇ ਦੋਸ਼ ਲਾਇਆ ਕਿ 18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਝਰ ਦਾ ਪਿੱਛਾ ਕੀਤਾ। ਜਦੋਂ ਕੰਮ ਪੂਰਾ ਹੋ ਗਿਆ ਤਾਂ ਉਨ੍ਹਾਂ ਨੇ ਸਬੂਤ ਨਸ਼ਟ ਕਰਨ ਲਈ ਨਿੱਝਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਬਾਅਦ ਵਿੱਚ ਇਹ ਏਜੰਟ ਭੱਜ ਗਏ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੇ ਸਾਰੇ ਨਿਸ਼ਾਨਾਂ ਨੂੰ ਨਸ਼ਟ ਕਰਨ ਲਈ ਆਪਣੇ ਹਥਿਆਰ ਵੀ ਸਾੜ ਦਿੱਤੇ ਅਤੇ ਅਗਲੇ ਦਿਨ ਕੈਨੇਡਾ ਛੱਡ ਗਏ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ।