ਜਲੰਧਰ: ਸਿੱਧੂ ਮੂਸੇਵਾਲਾ ਮਾਮਲੇ ’ਚ ਭਗਵੰਤ ਮਾਨ ਨੂੰ ਨਾਮਜ਼ਦ ਕੀਤਾ ਜਾਵੇ: ਚੰਨੀ
ਜਲੰਧਰ : ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਐਡਵੋਕੇਟ ਅਟਾਰਨੀ ਜਨਰਲ ਨੇ ਸਾਫ਼ ਕਰ ਦਿੱਤਾ ਕਿ ਮੂਸੇਵਾਲਾ ਦਾ ਕਤਲ ਸੁਰੱਖਿਆ ਵਾਪਸ ਲੈਣ ਕਾਰਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੁਰੱਖਿਆ ਪ੍ਰਬੰਧਾਂ ਬਾਰੇ ਸੂਚਨਾ ਲੀਕ ਕਰਨ ਵਾਲਿਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ। ਸ੍ਰੀ ਚੰਨੀ ਨੇ ਕਿਹਾ ਕਿ ਐੱਸਆਈਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਉਨ੍ਹਾਂ ਦੇ ਸਾਥੀਆਂ ਅਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਦੀ ਕਥਿਤ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ਪੰਜਾਬ ਦੇ ਹੀਰੇ ਦੀ ਮੌਤ ਦਾ ਇਨਸਾਫ਼ ਮਿਲ ਸਕੇ ਤੇ ਸਿੱਧੂ ਦੇ ਵਿਲਕਦੇ ਮਾਪਿਆਂ ਨੂੰ ਰਾਹਤ ਮਿਲ ਸਕੇ।