ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ਨੇੜੇ ਪੈਂਦਾ ਪਿੰਡ ਸਲ੍ਹੀਣਾ ਓਦੋਂ ਸੁਰਖੀਆਂ ਵਿੱਚ ਆਇਆ ਜਦੋਂ ਇਸ ਪਿੰਡ ਦਾ ਜੰਮਪਲ ਖੂਬਸੂਰਤ ਕੁੰਢੀਆਂ ਮੁੱਛਾਂ ਵਾਲਾ ਗੱਭਰੂ ਚਰਨਜੀਤ ਸਲ੍ਹੀਣਾ ਆਪਣੀ ਬੁਲੰਦ ਅਵਾਜ਼ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਪਿੰਡਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਖਿਲਾਰਨ ਲੱਗਾ। ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਪਿਤਾ ਬੰਤ ਸਿੰਘ ਅਤੇ ਮਾਤਾ ਗੁਰਦੇਵ ਕੌਰ ਦਾ ਤਾਂ ਲਾਡਲਾ ਪੁੱਤ ਹੈ ਹੀ ਸੀ ਪਰ ਦੋ ਭਰਾਵਾਂ ਅਤੇ ਭੈਣ ਦਾ ਵੀ ਲਾਡਲਾ ਵੀਰ ਹੈ। ਚਰਨਜੀਤ ਦੇ ਵੱਡੇ ਭਾਈ ਅਜਮੇਰ ਸਿੰਘ ਨੇ ਸ਼ੌਕੀਆ ਗਾਉਣ ਲਈ ਘਰ ਵਿੱਚ ਤੂੰਬੀ ਰੱਖੀ ਹੋਈ ਸੀ। ਉਸ ਤੂੰਬੀ ਦੀ ਟੁਣਕਾਰ ਨੇ ਹੀ ਚਰਨਜੀਤ ਨੂੰ ਵੀ ਗੁਣਗਣਾਉਣ ਲਾ ਦਿੱਤਾ।
ਚਰਨਜੀਤ ਨੇ ਪੰਜ ਜਮਾਤਾਂ ਪਿੰਡ ਦੇ ਸਕੂਲ ਵਿੱਚੋ ਪਾਸ ਕੀਤੀਆਂ। ਮੈਟ੍ਰਿਕ ਡਰੋਲੀ ਭਾਈ ਤੋਂ ਅਤੇ ਹਾਇਰ ਸੈਕੰਡਰੀ ਤਲਵੰਡੀ ਭਾਈ ਤੋਂ ਕੀਤੀ। ਗੁਰੂ ਨਾਨਕ ਕਾਲਜ ਮੋਗਾ ਤੋਂ ਬੀ. ਏ. ਅਤੇ ਡੀ. ਏ. ਵੀ. ਕਾਲਜ ਮੋਗਾ ਤੋਂ ਹੀ ਬੀ. ਐੱਡ ਕਰਕੇ 1990 ਵਿੱਚ ਸਰਕਾਰੀ ਅਧਿਆਪਕ ਤੋਂ ਸ਼ੁਰੂ ਹੋ ਕੇ ਲੈਕਚਰਾਰ ਤੱਕ ਪਹੁੰਚਿਆ। ਵਿਦਿਆ ਪ੍ਰਾਪਤੀ ਦੇ ਨਾਲ ਨਾਲ ਚਰਨਜੀਤ ਨੇ ਬਾਲ ਸਭਾਵਾਂ ਵਿੱਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਕਈ ਸਾਹਿਤ ਸਭਾਵਾਂ ਨਾਲ ਵੀ ਜੁੜ ਗਿਆ। ਮੋਗੇ ਕਾਲਜ ਪਹੁੰਚ ਕੇ ਉਸਤਾਦ ਰਣਜੀਤ ਮਾਲਵਾ ਜੀ ਦੀ ਛਤਰ ਛਾਇਆ ਹੇਠ ਜਿੱਥੇ ਬਤੌਰ ਗਾਇਕ ਯੂਥ ਫੈਸਟੀਵਲਾਂ ਵਿੱਚ ਹਿੱਸਾ ਲਿਆ ਅਤੇ ਖੂਬ ਇਨਾਮ ਜਿੱਤੇ ਉੱਥੇ ਉਸਤਾਦ ਜਸਵਿੰਦਰ ਜੱਗੀ ਅਤੇ ਮੇਜਰ ਸਿੰਘ ਢੋਲੀ ਤੋਂ ਤੋਂ ਭੰਗੜੇ ਦੇ ਗੁਰ ਸਿੱਖਣੇ ਵੀ ਸ਼ੁਰੂ ਕਰ ਦਿੱਤੇ ਪਰ ਚਰਨਜੀਤ ਦੀ ਸੁਰੀਲੀ ਅਤੇ ਬੁਲੰਦ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਉਸਤਾਦ ਜੱਗੀ ਜੀ ਨੇ ਉਸ ਦੀ ਡਿਉਟੀ ਬੋਲੀਆਂ ਪਾਉਣ ਤੇ ਲਾ ਦਿੱਤੀ। ਬਤੌਰ ਅਧਿਆਪਕ ਇੱਕ ਪਾਸੇ ਚਰਨਜੀਤ ਵਿਦਿਆ ਦੇ ਚਾਨਣ ਦਾ ਛਿੱਟਾ ਦਿੰਦਾ ਰਿਹਾ ਅਤੇ ਦੂਜੇ ਪਾਸੇ ਆਪਣੀ ਮਿਹਨਤ ਨਾਲ ਆਪਣੀ ਕਲਾ ਨੂੰ ਵੀ ਨਿਖਾਰਦਾ ਰਿਹਾ। ਇੱਕ ਸਧਾਰਨ ਪ੍ਰੀਵਾਰ ਵਿੱਚੋਂ ਉੱਠ ਕੇ ਉਹ ਆਪਣੀ ਮਿਹਨਤ ਅਤੇ ਕਲਾ ਦੇ ਸਿਰ ਤੇ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਦੇ ਮੁਕਾਬਲਿਆਂ ਦੀ ਜੱਜਮਿੰਟ ਅਤੇ ਦਿੱਲੀ ਦੇ ਅੰਤਰਰਾਸ਼ਟਰੀ ਸਮਾਗਮਾਂ ਤੱਕ ਪਹੁੰਚਿਆ। ਉਹ 1989 ਵਿੱਚ 14 ਵੀਂ ਸਾਈਕਲਿੰਗ ਏਸ਼ੀਅਨ ਚੈਂਪੀਅਨ, ਜੋ ਇੰਦਰਾ ਗਾਂਧੀ ਸਟੇਡੀਅਮ ਦਿੱਲੀ ਵਿੱਚ ਹੋਈ, ਦੇ ਉਦਘਾਟਨੀ ਸਮਾਰੋਹ ਤੇ ਪੰਜਾਬ ਦੀ ਭੰਗੜਾ ਟੀਮ ਨਾਲ ਬਤੌਰ ਗਾਇਕ ਸ਼ਾਮਲ ਹੋਇਆ। ਜਨਵਰੀ 1991 ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਹੋਏ ਭੰਗੜਾ ਮੁਕਾਬਲਿਆਂ ਵਿੱਚੋਂ ਫਿਲਮੀ ਨਿਰਮਾਤਾ ਭਾਗ ਸਿੰਘ ਨੇ ਉਸ ਨੂੰ ‘ਬਿਸਟ ਪਲੇਅ ਬੈਕ ਸਿੰਗਰ’ ਦਾ ਖਿਤਾਬ ਦਿੱਤਾ। 1994 ਵਿੱਚ ਪੂਨਾ ਵਿਖੇ ਨੈਸ਼ਨਲ ਖੇਡਾਂ ਦੇ ਉਦਘਾਟਨ ਸਮੇਂ ਅਤੇ ਇਨਾਮ ਵੰਡ ਸਮਾਗਮ ਸਮੇਂ ਉਸ ਨੇ ਬਤੌਰ ਗਾਇਕ ਪੰਜਾਬ ਦੀ ਭੰਗੜਾ ਟੀਮ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। 1996 ਵਿੱਚ ਦੁਨੀਆਂ ਭਰ ਵਿੱਚ ਮਸ਼ਹੂਰ ਕੁੱਲੂ ਦੇ ਦੁਸਹਿਰੇ ਸਮੇਂ ਉਸ ਵੇਲੇ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਕੈਪਟਨ ਨਰਿੰਦਰ ਸਿੰਘ ਨੇ ਉਸ ਦੀ ਕਲਾ ਦੀ ਕਦਰ ਕਰਦਿਆਂ ਭੰਗੜਾ ਟੀਮ ਵਿੱਚ ਸ਼ਾਮਲ ਕੀਤਾ ਅਤੇ ਟੀਮ ਨੇ ਬੱਲੇ ਬੱਲੇ ਕਰਵਾਈ। ਇਸ ਦੇ ਨਾਲ ਨਾਲ ਹੀ ਉਹ ਸਮੇਂ ਸਮੇਂ ਤੇ ਭੰਗੜਾ, ਲੋਕ ਗੀਤ, ਗਰੁੱਪ ਡਾਂਸ ਦੀਆਂ ਟੀਮਾਂ ਦੀ ਤਿਆਰੀ ਵੀ ਕਰਵਾਉਂਦਾ ਰਿਹਾ। ਮੋਗਾ ਜ਼ਿਲੇ ਦੇ 26 ਜਨਵਰੀ ਅਤੇ 15 ਅਗਸਤ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਿਆਰੀ ਲਗਭਗ 20 ਸਾਲ ਕਰਵਾਈ ਅਤੇ ਉਸ ਦੀਆਂ ਟੀਮਾਂ ਨੇ ਖੂਬ ਪ੍ਰਸੰਸਾ ਖੱਟੀ। ਚਰਨਜੀਤ ਸਲ੍ਹੀਣਾ ਦੇ ਜੱਦੀ ਪਿੰਡ ਸਲ੍ਹੀਣਾ ਦੀ ਟੀਮ ਦੋ ਵਾਰ ਨੈਸ਼ਨਲ ਪੱਧਰ ਤੱਕ ਪਹੁੰਚੀ।


ਇਸ ਤੋਂ ਇਲਾਵਾ 1995 ਵਿੱਚ ਪਹਿਲੀ ਟੇਪ ਉੱਘੇ ਗੀਤਕਾਰ ਧਰਮ ਕੰਮੇਆਣਾ ਦੀ ਅਗਵਾਈ ਵਿੱਚ ‘ਮੁੰਡਾ ਨੌ-ਦੋ-ਗਿਆਰਾਂ’ ਆਈ। ਫਿਰ 2005 ਵਿੱਚ ਉੱਘੇ ਸਾਹਿਤਕਾਰ/ਵਿਦਵਾਨ ਡਾ: ਨਿਰਮਲ ਜੌੜਾ ਦੀ ਦੇਖ-ਰੇਖ ਹੇਠ ਤਿਆਰ ਹੋਈ ‘ਮੈਂ ਜਾਦੂ ਕਰਦੂੰਗੀ’ ਟੇਪ ਓਦੋਂ ਦੀ ਮਸ਼ਹੂਰ ਕੈਸਿਟ ਕੰਪਨੀ ਪੈਰੀਟੋਨ ਨੇ ਪੇਸ਼ ਕੀਤੀ। ਇਨਾਂ ਟੇਪਾਂ ਨੇ ਚਰਨਜੀਤ ਦੀ ਬੁਲੰਦ ਅਵਾਜ਼ ਅਤੇ ਸੱਭਿਆਚਾਰਕ ਗਾਇਕੀ ਨੂੰ ਘਰ ਘਰ ਪਹੁੰਚਾਇਆ ਤਾਂ ਚਰਨਜੀਤ ਲਈ ਪ੍ਰੋਗਰਾਮਾਂ ਦਾ ਰਾਹ ਖੁੱਲ੍ਹ ਗਿਆ ਅਤੇ ਖੂਬ ਪ੍ਰੋਗਰਾਮ ਕੀਤੇ। ਸਿੰਗਲ ਟਰੈਕ ਦੇ ਦੌਰ ਵਿੱਚ ਬਹੁਤ ਸਾਰੇ ਗੀਤ ਦੂਰਦਰਸ਼ਨ ਜਲੰਧਰ ਤੇ ਖੂਬ ਚੱਲੇ ਅਤੇ ਨਾਲ ਨਾਲ ਆਲ ਇੰਡੀਆ ਰੇਡੀਓ ਤੇ ਵੀ ਹਾਜ਼ਰੀ ਲਗਦੀ ਰਹੀ।ਗਾਇਕੀ ਅਤੇ ਭੰਗੜੇ ਦੀ ਕਲਾ ਨੇ ਹੀ ਚਰਨਜੀਤ ਨੂੰ 2014 ਵਿੱਚ ਕੈਨੇਡਾ ਦਾ ਦੌਰਾ ਕਰਵਾਇਆ। ਜਿਸ ਵਿੱਚ ਬਲਜਿੰਦਰ ਸੇਖਾ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਪ੍ਰੋਗਰਾਮਾਂ ਤੇ ਮੰਚ ਸੰਚਾਲਕ ਦੀ ਡਿਊਟੀ ਵੀ ਬਲਜਿੰਦਰ ਸੇਖਾ ਨੇ ਨਿਭਾਈ। ਚਰਨਜੀਤ ਸਲ੍ਹੀਣਾ ਦਾ ਪਹਿਲਾ ਹੀ ਟੂਰ ਪੂਰਾ ਸਫਲ ਰਿਹਾ। ਗੀਤਾਂ ਦੀ ਗੱਲ ਚੱਲੀ ਤਾਂ ਉਸ ਨੇ ਦੱਸਿਆ ਕਿ ਮੈਂ ਧਰਮ ਕੰਮੇਆਣਾ, ਅਮਰੀਕ ਸਿੰਘ ਤਲਵੰਡੀ, ਅਮਰਜੀਤ ਘੋਲੀਆ, ਗੋਲੂ ਕਾਲੇਕੇ, ਬਹਾਦਰ ਡਾਲਵੀ, ਜੀਤ ਕੋਟਲੇ ਵਾਲਾ,ਸੁਖਦੇਵ ਬੱਬੀ, ਹਰਚਰਨ ਸਿੰਘ ਸੰਧੂ, ਜੀਤ ਡਰੋਲੀ ਵਾਲਾ, ਦੀਪ ਦਾਖਿਆਂ ਵਾਲਾ,ਨੇਕ ਕੋਟਲੇ ਵਾਲਾ,ਬਲਦੇਵ ਭੱਟੀ ਅਤੇ ਕਈ ਹੋਰ ਗੀਤਕਾਰਾਂ ਦੇ ਗੀਤ ਗਾਏ ਹਨ।
ਅੱਜ ਕੱਲ੍ਹ ਚਰਨਜੀਤ ਸਲ੍ਹੀਣਾ ਆਪਣੇ ਬੱਚਿਆਂ ਕੋਲ ਸਰੀ (ਕੈਨੇਡਾ) ਵਿੱਚ ਸੁੱਖ ਭਰੀ ਜ਼ਿੰਦਗੀ ਨੂੰ ਮਾਣ ਰਿਹਾ ਹੈ। ਸਲ੍ਹੀਣਾ ਨੇ ਕਿਹਾ ਕਿ ਮੇਰੀਆਂ ਪ੍ਰਾਪਤੀਆਂ ਪਿੱਛੇ ਪੂਰੇ ਪ੍ਰੀਵਾਰ ਸਮੇਤ ਮੇਰੀ ਜੀਨਵ ਸਾਥਣ ਸਰਬਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਹੈ।
ਚਰਨਜੀਤ ਅੰਦਰ ਗਾਇਕੀ ਦੀ ਕਲਾ ਅਜੇ ਵੀ ਉਬਾਲ਼ੇ ਮਾਰ ਰਹੀ ਹੈ। ਇਸ ਲਈ ਹੁਣ ਕਬੀਲਦਾਰੀ ਤੋਂ ਸੁਰਖਰੂ ਹੋ ਕੇ ਉਹ ਜਸਵੀਰ ਭਲੂਰੀਆ,ਜਸਵਿੰਦਰ ਰੱਤੀਆਂ, ਜਗਵਿੰਦਰ ਸਰਾਂ ਆਦਿ ਗੀਤਕਾਰਾਂ ਦੇ ਗੀਤਾਂ ਰਾਹੀਂ ਦੂਜੀ ਪਾਰੀ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਅਸੀਂ ਦੁਆ ਕਰਦੇ ਹਾਂ ਕਿ ਉਸ ਦੀ ਮਿਹਨਤ ਨੂੰ ਭਰਪੂਰ ਬੂਰ ਪਵੇ।
ਜਸਵੀਰ ਸਿੰਘ ਭਲੂਰੀਆ
ਸਰੀ, ਕੈਨੇਡਾ
+91-99159-95505
+1-236-888-5456