ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੰਜਾਬ ਐਮਐਲਏ ਹੋਸਟਲ ਨਾਲ ਸਬੰਧਤ ਵਿਰਾਸਤੀ ਫਰਨੀਚਰ ਦੀ ਅਮਰੀਕਾ ਵਿੱਚ ਹੋਈ ਨਿਲਾਮੀ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਸ਼ਿਕਾਗੋ ਵਿੱਚ ਹੋਈ ਨਿਲਾਮੀ ਦੌਰਾਨ ਇਹ ਵਿਰਾਸਤੀ ਫਰਨੀਚਰ 72,720 ਅਮਰੀਕੀ ਡਾਲਰ ਵਿੱਚ ਵੇਚਿਆ ਗਿਆ, ਜੋ ਭਾਰਤੀ ਮੁਦਰਾ ਅਨੁਸਾਰ ਲਗਭਗ 59 ਲੱਖ ਰੁਪਏ ਦੇ ਬਰਾਬਰ ਹੈ।
ਨਿਲਾਮ ਕੀਤੀਆਂ ਗਈਆਂ ਵਸਤੂਆਂ ਵਿੱਚ ਦੋ ਵਿਰਾਸਤੀ ਕੁਰਸੀਆਂ ਅਤੇ ਚਾਰ ਸਟੂਲ ਸ਼ਾਮਲ ਸਨ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਵਿਰਾਸਤੀ ਸੁਰੱਖਿਆ ਸੈੱਲ ਨਾਲ ਜੁੜੇ ਅਜੈ ਜੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।
ਕੁਰਸੀਆਂ ਅਤੇ ਸਟੂਲ ਕਰੋੜਾਂ ਦੇ ਮੁੱਲ ‘ਤੇ ਵਿਕੇ
ਅਜੈ ਜੱਗਾ ਅਨੁਸਾਰ, ਐਮਐਲਏ ਹੋਸਟਲ ਨਾਲ ਸਬੰਧਤ ਦੋ ਕੁਰਸੀਆਂ ਕਰੀਬ 42 ਲੱਖ ਰੁਪਏ ਅਤੇ ਇੱਕ ਸਟੂਲ ਲਗਭਗ 17 ਲੱਖ ਰੁਪਏ ਵਿੱਚ ਨਿਲਾਮ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਗ੍ਰਹਿ ਮੰਤਰਾਲੇ ਦੇ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਚੰਡੀਗੜ੍ਹ ਦੀਆਂ ਵਿਰਾਸਤੀ ਵਸਤੂਆਂ ਲਗਾਤਾਰ ਵਿਦੇਸ਼ਾਂ ਵਿੱਚ ਨਿਲਾਮ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਨਿਲਾਮੀ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਵਿਰਾਸਤੀ ਕਮੇਟੀ ਵੀ ਬਣਾਈ ਗਈ ਸੀ। ਇਸ ਕਮੇਟੀ ਨੇ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਈ ਵਾਰ ਪੱਤਰ ਲਿਖੇ, ਪਰ ਇਸ ਦੇ ਬਾਵਜੂਦ ਵਿਦੇਸ਼ਾਂ ਵਿੱਚ ਇਹ ਨਿਲਾਮੀਆਂ ਜਾਰੀ ਹਨ।
ਵਿਰਾਸਤ ਦੀ ਸੁਰੱਖਿਆ ‘ਤੇ ਮੁੜ ਉੱਠੇ ਸਵਾਲ
ਇਹ ਨਿਲਾਮੀ ਅਮਰੀਕਾ ਦੇ ਨਿਲਾਮੀ ਘਰ ਰਾਈਟ ਵੱਲੋਂ ਕਰਵਾਈ ਗਈ ਸੀ ਅਤੇ ਸਬੰਧਤ ਜਾਣਕਾਰੀ ਨਿਲਾਮੀ ਘਰ ਦੀ ਵੈੱਬਸਾਈਟ ‘ਤੇ ਵੀ ਉਪਲਬਧ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਫਰਨੀਚਰ ਚੰਡੀਗੜ੍ਹ ਦੇ ਕੈਪੀਟਲ ਪ੍ਰੋਜੈਕਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਅਤੇ ਵਿਧਾਇਕ ਨਿਵਾਸਾਂ ਵਿੱਚ ਮੌਜੂਦ ਵਿਰਾਸਤੀ ਫਰਨੀਚਰ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ।
ਅਜੈ ਜੱਗਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 12 ਹਜ਼ਾਰ ਤੋਂ ਵੱਧ ਵਿਰਾਸਤੀ ਫਰਨੀਚਰ ਵਸਤੂਆਂ ਨੂੰ ਵਿਸ਼ੇਸ਼ ਤੌਰ ‘ਤੇ ਟੈਗ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
10 ਸਾਲਾਂ ਵਿੱਚ 500 ਕਰੋੜ ਤੋਂ ਵੱਧ ਦੀ ਨਿਲਾਮੀ
ਵਿਰਾਸਤੀ ਸੁਰੱਖਿਆ ਸੈੱਲ ਦੇ ਅਨੁਸਾਰ, ਪਿਛਲੇ ਇੱਕ ਦਹਾਕੇ ਦੌਰਾਨ ਚੰਡੀਗੜ੍ਹ ਨਾਲ ਸਬੰਧਤ 500 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਵਿਰਾਸਤੀ ਵਸਤੂਆਂ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਨਿਲਾਮ ਕੀਤੀਆਂ ਜਾ ਚੁੱਕੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਇਹ ਫਰਨੀਚਰ ਕਈ ਸਾਲ ਪਹਿਲਾਂ ਗੁਪਤ ਤਰੀਕੇ ਨਾਲ ਚੰਡੀਗੜ੍ਹ ਤੋਂ ਬਾਹਰ ਲਿਜਾਇਆ ਗਿਆ ਸੀ।
ਇਹ ਵਿਰਾਸਤੀ ਫਰਨੀਚਰ ਮਸ਼ਹੂਰ ਆਰਕੀਟੈਕਟ Le Corbusier ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ। ਇਸ ਨਾਲ ਜੁੜੀਆਂ ਕਈ ਵਸਤੂਆਂ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ, ਹਾਈ ਕੋਰਟ, ਪੰਜਾਬ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਨਾਲ ਸਬੰਧਤ ਰਹੀਆਂ ਹਨ।














