ਚੰਡੀਗੜ੍ਹ ਵਿਚ ਮੇਅਰ ਚੋਣਾਂ ਵਿਚ ਗੜਬੜੀ ਦੇ ਦੋਸ਼ ਲਗਾ ਕੇ ਆਮ ਆਦਮੀ ਪਾਰਟੀ ਅੱਜ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਥੇ ਇਕੱਠੀ ਹੋਈ ਭੀੜ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹਨ। ਮੁੱਖ ਮੰਤਰੀ ਮਾਨ ਨੇ ਭਾਜਪਾ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਦੀ ਲੋੜ ਨਾ ਪੈਂਦੀ ਜੇਕਰ ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਧਾਂਦਲੀ ਨਾ ਕੀਤੀ ਹੁੰਦੀ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਵੱਸ ਚੱਲੇ ਤਾਂ ਉਹ ਚੋਣਾਂ ਵੀ ਨਾ ਕਰਨ ਦੇਣ। ਜੇਕਰ ਅਦਾਲਤ ਦੇ ਹੁਕਮ ‘ਤੇ ਚੋਣਾਂ ਕਰਵਾ ਵੀ ਲਈਆਂ ਜਾਣ ਤਾਂ ਉਸ ਦਾ ਰਿਜ਼ਲਟ ਜਿਵੇਂ ਚੰਡੀਗੜ੍ਹ ਵਿਚ ਦੇਖਿਆ ਗਿਆ ਹੈ, ਉਂਝ ਹੀ ਹੋਵੇਗਾ। ਹੁਣ ਤੱਕ ਲੋਕ ਸਭਾ ਤੇ ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਬਿੱਲ ਪਾਸ ਕਰਵਾਉਂਦੇ ਰਹੇ ਹਨ। ਜੇਕਰ 2024 ਵਿਚ ਨਰਿੰਦਰ ਮੋਦੀ ਜਿੱਤ ਕੇ ਆ ਗਏ ਤਾਂ ਉਨ੍ਹਾਂ ਦਾ ਨਾਂ ਨਰਿੰਦਰ ਮੋਦੀ ਨਹੀਂ ਨਰਿੰਦਰ ਪੁਤਿਨ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਇਲੈਕਟਿਡ ਰਾਜ ਕਰਨਗੇ ਜਾਂ ਸਿਲੈਕਟਿਡ?
CM ਮਾਨ ਨੇ ਕਿਹਾ ਕਿ ਵੋਟ ਕਿਸੇ ਨੂੰ ਵੀ ਪਾਓ ਪਰ ਇਹ ਨਿਕਲਦੀ ਭਾਜਪਾ ਦੀ ਹੈ। ਜਨਤਾ ਦੁਆਰਾ ਚੁਣੀ ਗਈ ਸਰਕਾਰ ਨੂੰ ਰਾਜਪਾਲ ਜ਼ਰੀਏ ਪ੍ਰੇਸ਼ਾਨ ਕਰਵਾਇਆ ਜਾ ਰਿਹਾ ਹੈ। ਮਮਤਾ ਦੀਦੀ ਨੂੰ ਰਾਜਪਾਲ ਪ੍ਰੇਸ਼ਾਨ ਕਰ ਰਹੇ ਹਨ।ਇਸੇ ਤਰ੍ਹਾਂ ਪੰਜਾਬ ਵਿਚ ਵੀ ਮੈਨੂੰ ਰਾਜਪਾਲ ਕੰਮ ਨਹੀਂ ਕਰਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਨੇ ਦਿੱਲੀ ਵਿਚ ਚੰਗੇ ਹਸਪਤਾਲ ਬਣਵਾ ਦਿੱਤੇ, ਮੋਦੀ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਵਿਚ ਪਾ ਦਿੱਤਾ। ਮਨੀਸ਼ ਸਿਸੋਦੀਆ ਨੇ ਚੰਗੇ ਸਕੂਲ ਖੁੱਲ੍ਹਵਾ ਦਿੱਤੇ, ਉਨ੍ਹਾਂ ਨੂੰ ਵੀ ਜੇਲ੍ਹ ਵਿਚ ਪਾ ਦਿੱਤਾ। ਹੁਣ ਜਿਥੇ-ਜਿਥੇ ਵੀ ਕੇਜਰੀਵਾਲ ਜਾਂਦੇ ਹਨ, ਉਥੇ ਭਾਜਪਾ ਦਾ ਸਫਾਇਆ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਈਡੀ ਦਾ ਨੋਟਿਸ ਦਿੱਤਾ ਜਾ ਰਿਹਾ ਹੈ।